ਅੱਜ ਤੋਂ 20 ਸੂਬਿਆਂ ’ਚ ਲਾਗੂ ਹੋਵੇਗਾ ‘ਵਨ ਨੇਸ਼ਨ, ਵਨ ਰਾਸ਼ਨ ਕਾਰਡ’
Monday, Jun 01, 2020 - 02:02 AM (IST)
ਨਵੀਂ ਦਿੱਲੀ (ਇੰਟ) - ਦੇਸ਼ ਦੇ 81 ਕਰੋੜ ਲੋਕਾਂ ਨੂੰ ਰਿਆਇਤੀ ਦਰਾਂ ’ਤੇ ਅਨਾਜ ਉਪਲੱਬਧ ਕਰਵਾਉਣ ਵਾਲੀ ਉਤਸ਼ਾਹੀ ਸਰਕਾਰ ਯੋਜਨਾ ਪੀ.ਡੀ.ਐੱਸ. (ਜਨਤਕ ਵਿਤਰਣ ਪ੍ਰਣਾਲੀ) ਲਈ ਸੋਮਵਾਰ ਭਾਵ 1 ਜੂਨ ਦੀ ਤਰੀਕ ਕਾਫੀ ਅਹਿਮ ਹੈ। ਇਸ ਦਿਨ ਦੇਸ਼ ਦੇ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ‘ਵਨ ਨੇਸ਼ਨ, ਵਨ ਰਾਸ਼ਨ ਕਾਰਡ’ ਦੀ ਵਿਵਸਥਾ ਲਾਗੂ ਹੋ ਜਾਵੇਗੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਹਾਲ ਹੀ ’ਚ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨ ਕਰਦੇ ਸਮੇਂ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮਾਰਚ, 2021 ਤੱਕ ਦੇਸ਼ ਦੇ ਸਾਰੇ ਸੂਬਿਆਂ ’ਚ ਇਹ ਵਿਵਸਥਾ ਲਾਗੂ ਹੋ ਜਾਵੇਗੀ। ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵਿਤਰਣ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਵੀਟ ਕਰ ਇਸ ਵਿਸ਼ੇ ’ਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ 81 ਕਰੋੜ ਐੱਨ.ਐੱਫ.ਐੱਸ.ਏ. ਲਾਭਪਾਤਰੀਆਂ ਨੂੰ ਦੇਸ਼ ਭਰ ’ਚ ਕਿਤੋਂ ਵੀ ਰਾਸ਼ਨ ਪ੍ਰਾਪਤ ਕਰਨ ਦੀ ਸੁਵਿਧਾ ਮੁਹੱਈਆ ਕਰਵਾਉਣ ਵਾਲੀ ਉਤਸ਼ਾਹ ਯੋਜਨਾ ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਮੋਦੀ 2.0 ਸਰਕਾਰ ਇਕ ਮਹੱਤਵਪੂਰਣ ਉਪਲੱਬਧੀ ਹੈ। 1 ਜੂਨ ਤੱਕ 20 ਸੂਬੇ ਇਸ ਨਾਲ ਜੁੜ ਜਾਣਗੇ ਅਤੇ ਮਾਰਚ 2021 ਤੱਕ ਇਹ ਦੇਸ਼ ਭਰ ’ਚ ਲਾਗੂ ਹੋ ਜਾਵੇਗੀ।