‘ਇਕ ਰਾਸ਼ਟਰ-ਇਕ ਚੋਣ’ ’ਤੇ ਸਾਂਝੀ ਸੰਸਦੀ ਕਮੇਟੀ ਦੀ ਪਹਿਲੀ ਬੈਠਕ ’ਚ ਤਿੱਖੀ ਬਹਿਸ

Wednesday, Jan 08, 2025 - 10:03 PM (IST)

‘ਇਕ ਰਾਸ਼ਟਰ-ਇਕ ਚੋਣ’ ’ਤੇ ਸਾਂਝੀ ਸੰਸਦੀ ਕਮੇਟੀ ਦੀ ਪਹਿਲੀ ਬੈਠਕ ’ਚ ਤਿੱਖੀ ਬਹਿਸ

ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਦੀ ਵਿਵਸਥਾ ਕਰਨ ਵਾਲੇ ਦੋ ਬਿੱਲਾਂ ’ਤੇ ਵਿਚਾਰ ਕਰਨ ਲਈ ਗਠਿਤ ਸਾਂਝੀ ਸੰਸਦ ੀ ਕਮੇਟੀ (ਜੇ.ਪੀ.ਸੀ.) ਦੀ ਬੁੱਧਵਾਰ ਹੋਈ ਪਹਿਲੀ ਬੈਠਕ ਦੌਰਾਨ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਹੋਈ।

ਜਿੱਥੇ ਭਾਜਪਾ ਮੈਂਬਰਾਂ ਨੇ ਨਾਲੋ-ਨਾਲ ਚੋਣਾਂ ਕਰਵਾਉਣ ਦੇ ਵਿਚਾਰ ਦੀ ਜ਼ੋਰਦਾਰ ਵਕਾਲਤ ਕੀਤੀ, ਉਥੇ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਿੱਲਾਂ ਨੂੰ ਸੰਵਿਧਾਨ ਵਿਰੋਧੀ ਕਰਾਰ ਦਿੱਤਾ।

39 ਮੈਂਬਰੀ ਕਮੇਟੀ ਦੀ ਬੈਠਕ ’ਚ ਸ਼ਾਮਲ ਹੋਏ ਸੰਸਦ ਮੈਂਬਰਾਂ ਨੇ ਬਿੱਲਾਂ ਦੇ ਉਪਬੰਧਾਂ ਤੇ ਦਲੀਲ ’ਤੇ ਕਾਨੂੰਨ ਅਤੇ ਨਿਆਂ ਮੰਤਰਾਲਾ ਵੱਲੋਂ ਪੇਸ਼ ਕੀਤੀ ਗਈ ਪੇਸ਼ਕਾਰੀ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਵਾਲ ਪੁੱਛੇ।

ਕਾਨੂੰਨ ਮੰਤਰਾਲਾ ਨੇ ਬੈਠਕ ’ਚ ਸ਼ਾਮਲ ਹੋਏ ਸੰਸਦ ਮੈਂਬਰਾਂ ਨੂੰ 18,000 ਪੰਨਿਆਂ ਦੀ ਰਿਪੋਰਟ ਦਿੱਤੀ। ਬੈਠਕ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਸੰਬਿਤ ਪਾਤਰਾ ਤੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਸਮੇਤ ਕਈ ਮੈਂਬਰ ਇਸ ਰਿਪੋਰਟ ਨੂੰ ਸੂਟਕੇਸਾਂ ’ਚ ਲੈ ਕੇ ਜਾਂਦੇ ਨਜ਼ਰ ਆਏ।

ਕਿੰਨੀਆਂ ਈ. ਵੀ. ਐੱਮਜ਼. ਲੱਗਣਗੀਆਂ ਤੇ ਇਸ ’ਤੇ ਹੋਰ ਕਿੰਨਾ ਪੈਸਾ ਖਰਚ ਹੋਵੇਗਾ? : ਪ੍ਰਿਅੰਕਾ ਨੇ ਪੁੱਛਿਆ

ਕਾਂਗਰਸ ਦੀ ਜਨਰਲ ਸਕੱਤਰ ਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਈ. ਵੀ. ਐੱਮਜ਼. ਦੇ ਚੋਣ ਖਰਚਿਆਂ ਤੇ ‘ਇਕ ਰਾਸ਼ਟਰ-ਇਕ ਚੋਣ’ ਦੀ ਜ਼ਮੀਨੀ ਹਕੀਕਤ ਬਾਰੇ ਸਵਾਲ ਪੁੱਛੇ।

ਪ੍ਰਿਅੰਕਾ ਨੇ ਪੁੱਛਿਆ ਕਿ ਕੀ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣਾ ਆਰਥਿਕ ਪੱਖੋਂ ਅਮਲੀ ਹੋਵੇਗਾ ਤੇ ਜੇ ਹਾਂ ਤਾਂ ਇਸ ਦੇਸ਼ ਪੱਧਰੀ ਮੈਗਾ ਮੁਹਿੰਮ ’ਤੇ ਕਿੰਨਾ ਖਰਚ ਆਵੇਗਾ।

ਉਨ੍ਹਾਂ ਇਹ ਵੀ ਪੁੱਛਿਆ ਕਿ ਦੇਸ਼ ’ਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਕਿੰਨੀਆਂ ਈ. ਵੀ. ਐਮਜ਼. ਦੀ ਲੋੜ ਪਵੇਗੀ?


author

Rakesh

Content Editor

Related News