'ਵਨ ਨੇਸ਼ਨ, ਵਨ ਇਲੈਕਸ਼ਨ' ਬਿੱਲ ਲੋਕ ਸਭਾ 'ਚ ਪੇਸ਼
Tuesday, Dec 17, 2024 - 12:44 PM (IST)
ਨਵੀਂ ਦਿੱਲੀ : ਲੋਕ ਸਭਾ ਵਿੱਚ ਅੱਜ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਪੇਸ਼ ਕਰ ਦਿੱਤਾ ਗਿਆ। ਲੋਕ ਸਭਾ ਵਿੱਚ ਇਹ ਬਿਲ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਲੈ ਕੇ ਆਏ। ਭਾਜਪਾ ਨੇ ਕਿਹਾ ਕਿ ਇਸ ਬਿੱਲ ਨਾਲ ਦੇਸ਼ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ ਕਿਉਂਕਿ ਲਗਾਤਾਰ ਚੋਣਾਂ ਹੋਣ ਕਾਰਨ ਸਿਸਟਮ ਵਿਗੜ ਜਾਂਦਾ ਹੈ। ਇਸ ਕਾਰਨ ਭਾਜਪਾ ਨੇ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕੀਤਾ ਸੀ।
ਦੂਜੇ ਪਾਸੇ ਵਿਰੋਧੀ ਧਿਰ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਇਹ ਸੰਵਿਧਾਨ ਦੇ ਮੂਲ ਢਾਂਚੇ ਦੇ ਖਿਲਾਫ ਹੈ। ਇਸ ਬਿਲ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਵਿੱਚ ਕਾਂਗਰਸ, ਐਸ.ਪੀ, ਟੀ.ਐਮ.ਸੀ, ਆਰ.ਜੇ.ਡੀ, ਪੀ.ਡੀ.ਪੀ, ਸ਼ਿਵ ਸੈਨਾ ਊਧਵ ਧੜਾ, ਜੇ.ਐੱਮ.ਐੱਮ ਆਦਿ ਪਾਰਟੀਆਂ ਸ਼ਾਮਲ ਹਨ।
ਸਰਕਾਰ ਨੂੰ ਨਹੀਂ ਬਿਲ ਲਿਆਉਣ ਦੀ ਇਜਾਜ਼ਤ
ਵਿਰੋਧੀ ਪਾਰਟੀਆਂ ਵਲੋਂ ਜਦ ਸਰਕਾਰ ਵਲੋਂ ਪੇਸ਼ ਕੀਤੇ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਲੋਕ ਸਭਾ ਵਿੱਚ ਡੀਐਮਕੇ ਦੇ ਸਾਂਸਦ ਟੀ ਆਰ ਬਾਲੂ ਨੇ ਸਪੀਕਰ ਨੂੰ ਸਿੱਧਾ ਸਵਾਲ ਕੀਤਾ। ਬਾਲੂ ਨੇ ਬਿਲ ਦਾ ਵਿਰੋਧ ਕਰਦਿਆਂ ਆਖਿਆ ਕਿ ਇਹ ਬਿਲ ਸੰਵਿਧਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਦੋ ਤਿਹਾਈ ਬਹੁਮਤ ਨਹੀਂ ਹੈ, ਫਿਰ ਇਹ ਬਿੱਲ ਲਿਆਉਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ? ਇਸ 'ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਮੈਂ ਅਜੇ ਤੱਕ ਇਜਾਜ਼ਤ ਨਹੀਂ ਦਿੱਤੀ ਹੈ। ਉਸ ਨੇ ਪ੍ਰਸਤਾਵ ਦਿੱਤਾ ਹੈ। ਟੀ ਆਰ ਬਾਲੂ ਨੇ ਫਿਰ ਕਿਹਾ ਕਿ ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ ਹੈ।