ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਕਿਸਾਨ ਦੀ ਮੌਤ
Tuesday, Jan 26, 2021 - 03:11 PM (IST)
ਨਵੀਂ ਦਿੱਲੀ– ਗਣਤੰਤਰ ਦਿਵਸ ਮੌਕੇ ਦਿੱਲੀ ’ਚ ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਨੂੰ ਲੈ ਕੇ ਇਕ ਹੋਰ ਦੁਖਦ ਖ਼ਬਰ ਸਾਹਮਣੇ ਆਈ ਹੈ। ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਇਕ ਕਿਸਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਆਈ.ਟੀ.ਓ. ਦੇ ਨੇੜੇ ਇਕ ਕਿਸਾਨ ਦੀ ਮੌਤ ਹੋ ਗਈ ਹੈ। ਇਹ ਘਟਨਾ ਦੀਨ ਦਿਆਲ ਉਪਾਧਿਆਏ ਮਾਰਗ ਦੇ ਨੇੜੇ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਸੜਕ ਹਾਦਸੇ ’ਚ ਹੋਈ ਹੈ ਕਿਉਂਕਿ ਜਿਥੇ ਉਸ ਦੀ ਮੌਤ ਹੋਈ ਹੈ, ਉਥੇ ਹੀ ਨੇੜੇ ਇਕ ਟਰੈਕਟਰ ਵੀ ਪਲਟਿਆ ਹੋਇਆ ਮਿਲਿਆ ਹੈ ਪਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਮੌਤ ਪੁਲਸ ਦੀ ਗੋਲੀ ਲੱਗਣ ਨਾਲ ਹੋਈ ਹੈ। ਸੂਤਰਾਂ ਮੁਤਾਬਕ, ਜਿਸ ਕਿਸਾਨ ਦੀ ਮੌਤ ਹੋਈ ਹੈ ਉਹ ਉੱਤਰਾਖੰਡ ਦੇ ਬਾਜ਼ਪੁਰ ਦਾ ਰਹਿਣ ਵਾਲੀ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਬੀਤੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢਣ ਲਈ ਜੋ ਰੂਟ ਅਤੇ ਸਮਾਂ ਤੈਅ ਕੀਤਾ ਗਿਆ ਸੀ ਉਸ ਨੂੰ ਤੋੜਦੇ ਹੋਏ ਕਿਸਾਨ ਸਮੇਂ ਤੋਂ ਪਹਿਲਾਂ ਹੀ ਟਿਕਰੀ ਅਤੇ ਸਿੰਘੂ ਸਰਹੱਦਾਂ ’ਤੇ ਲੱਗੇ ਬੈਰੀਕੇਡ ਤੋੜਦੇ ਹੋਏ ਰਾਸ਼ਟਰੀ ਰਾਜਧਾਨੀ ’ਚ ਪ੍ਰਵੇਸ਼ ਕਰ ਗਏ।
ਆਈ.ਟੀ.ਓ. ਦੇ ਨੇੜੇ ਪਹੁੰਚੇ ਕਿਸਾਨਾਂ ਨੂੰ ਕੰਟਰੋਲ ਕਰਨ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ। ਸਿੰਘੂ ਬਾਰਡਰ ਤੋਂ ਜੋ ਟਰੈਕਟਰ ਪਰੇਡ ’ਚ ਕਿਸਾਨਾਂ ਦੀ ਟੁਕੜੀ ਚੱਲੀ ਸੀ ਉਹ ਅੰਦਰੂਨੀ ਰਿੰਗਰੋਡ ਵਲ ਵਧ ਗਈ ਅਤੇ ਗਾਜ਼ੀਪੁਰ ਬਾਰਡਰ ਵਾਲੀ ਟੁਕੜੀ ਆਈ.ਟੀ.ਓ. ਵਲ ਵਧ ਗਈ।