''ਇਕ ਦੇਸ਼-ਇਕ ਚੋਣ'' ਰਾਸ਼ਟਰੀ ਹਿੱਤ ''ਚ, ਸਭ ਤੋਂ ਵੱਡਾ ਫ਼ਾਇਦਾ ਜਨਤਾ ਨੂੰ ਹੋਵੇਗਾ : ਰਾਮਨਾਥ ਕੋਵਿੰਦ
Tuesday, Nov 21, 2023 - 02:18 PM (IST)
ਰਾਏਬਰੇਲੀ (ਭਾਸ਼ਾ)- 'ਇਕ ਦੇਸ਼, ਇਕ ਚੋਣ' ਦੀ ਸੰਭਾਵਨਾ ਲੱਭਣ ਵਾਲੀ ਕਮੇਟੀ ਦੇ ਮੁਖੀ ਅਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ 'ਚ ਸਾਰੀਆਂ ਚੋਣਾਂ ਇਕੱਠੇ ਕਰਵਾਉਣ ਦੇ ਵਿਚਾਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਸ 'ਚ ਰਾਸ਼ਟਰੀ ਹਿੱਤ ਹੈ ਅਤੇ ਇਸ ਦਾ ਸਭ ਤੋਂ ਵੱਡਾ ਫ਼ਾਇਦਾ ਆਮ ਜਨਤਾ ਨੂੰ ਹੋਵੇਗਾ। ਰਾਏਬਰੇਲੀ 'ਚ ਇਕ ਨਿੱਜੀ ਪ੍ਰੋਗਰਾਮ 'ਚ ਆਏ ਸਾਬਕਾ ਰਾਸ਼ਟਰਪਤੀ ਕੋਵਿੰਦ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ 'ਚ ਇਕ ਦੇਸ਼-ਇਕ ਚੋਣ ਦਾ ਸਮਰਥਨ ਕਰਦੇ ਹੋਏ ਕਿਹਾ,''ਇਸ 'ਚ ਕੋਈ ਭੇਦਭਾਵ ਨਹੀਂ ਹੈ। ਇਸ 'ਚ ਸਭ ਤੋਂ ਵੱਡਾ ਫ਼ਾਇਦਾ ਆਮ ਜਨਤਾ ਨੂੰ ਹੋਣ ਵਾਲਾ ਹੈ, ਕਿਉਂਕਿ ਜਿੰਨਾ ਮਾਲੀਆ ਬਚੇਗਾ, ਉਹ ਵਿਕਾਸ ਕੰਮਾਂ 'ਚ ਲਗਾਇਆ ਜਾ ਸਕਦਾ ਹੈ।'' ਕੋਵਿੰਦ ਨੇ ਕਿਹਾ,''ਇਸ 'ਤੇ ਬਹੁਤ ਸਾਰੀਆਂ ਕਮੇਟੀਆਂ ਦੀ ਰਿਪੋਰਟ ਆਈ ਹੈ। ਸੰਸਦੀ ਕਮੇਟੀ ਦੀ ਰਿਪੋਰਟ ਆਈ ਹੈ, ਨੀਤੀ ਆਯੋਗ ਦੀ ਰਿਪੋਰਟ ਆਈ ਹੈ। ਭਾਰਤ ਦੇ ਚੋਣ ਕਮਿਸ਼ਨ ਦੀ ਰਿਪੋਰਟ ਆਈ ਹੈ ਅਤੇ ਕਈ ਕਮੇਟੀਆਂ ਦੀ ਰਿਪੋਰਟ ਆਈ ਹੈ, ਜਿਨ੍ਹਾਂ 'ਚ ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ 'ਚ 'ਇਕ ਦੇਸ਼-ਇਕ ਚੋਣ' ਦੀ ਵਿਵਸਥਾ ਲਾਗੂ ਹੋਣੀ ਚਾਹੀਦੀ ਹੈ।'' ਉਨ੍ਹਾਂ ਕਿਹਾ,''ਭਾਰਤ ਸਰਕਾਰ ਨੇ ਇਕ ਉੱਚ ਪੱਧਰੀ ਕਮੇਟੀ ਨਿਯੁਕਤ ਕੀਤੀ ਹੈ। ਮੈਨੂੰ ਉਸ ਦਾ ਮੁਖੀ ਬਣਾਇਆ ਗਿਆ ਹੈ। ਉਸ 'ਚ ਹੋਰ ਵੀ ਮੈਂਬਰ ਹਨ। ਅਸੀਂ ਸਾਰੇ ਲੋਕ ਜਨਤਾ ਨਾਲ ਮਿਲ ਕੇ ਅਤੇ ਮੀਡੀਆ ਦੇ ਮਾਧਿਅਮ ਨਾਲ ਕੁਝ ਨਤੀਜੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।''
ਇਹ ਵੀ ਪੜ੍ਹੋ : ਵਰਲਡ ਕੱਪ ਜਿੱਤ ਕੇ ਵੀ 'ਹਾਰੀ' ਆਸਟ੍ਰੇਲੀਆ, ਟ੍ਰਾਫ਼ੀ 'ਤੇ ਪੈਰ ਰੱਖ ਖਿਚਵਾਈਆਂ ਫੋਟੋਆਂ, ਭੜਕੇ ਫੈਨਜ਼
ਕੋਵਿੰਦ ਨੇ ਕਿਹਾ ਕਿ ਕਮੇਟੀ ਸਰਕਾਰ ਨੂੰ ਸੁਝਾਅ ਦੇਵੇਗੀ ਕਿ ਕਿਸੇ ਸਮੇਂ ਦੇਸ਼ 'ਚ ਲਾਗੂ ਰਹੀ ਇਸ ਪਰੰਪਰਾ ਨੂੰ ਕਿਸੇ ਤਰ੍ਹਾਂ ਮੁੜ ਪ੍ਰਭਾਵ 'ਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ,''ਮੈਂ ਜਿੰਨੇ ਵੀ ਰਜਿਸਟਰੇਸ਼ਨ ਦਲ ਹਨ, ਉਨ੍ਹਾਂ ਸਾਰਿਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਸੁਝਾਅ ਮੰਗੇ ਹਨ ਅਤੇ ਕਦੇ ਨਾ ਕਦੇ ਹਰ ਰਾਸ਼ਟਰੀ ਰਾਜਨੀਤਕ ਦਲ ਨੇ ਇਸ 'ਤੇ ਸਮਰਥਨ ਵੀ ਕੀਤਾ ਹੈ।'' ਉਨ੍ਹਾਂ ਕਿਹਾ,''ਕੁਝ ਦਲ (ਅਸਹਿਮਤ) ਹੋ ਸਕਦੇ ਹਨ ਪਰ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਆਪਣਾ ਸਕਾਰਾਤਮਕ ਸਹਿਯੋਗ ਦਿਓ। ਇਸ ਨਾਲ ਦੇਸ਼ ਦਾ ਹਿੱਤ ਹੈ, ਇਸ 'ਚ ਰਾਸ਼ਟਰੀ ਹਿੱਤ ਦਾ ਮੁੱਦਾ ਹੈ, ਇਸ 'ਚ ਕਿਸੇ ਵੀ ਰਾਜਨੀਤਕ ਦਲ ਦਾ ਕੋਈ ਲੈਣਾ-ਦੇਣਾ ਨਹੀਂ ਹੈ।'' ਕੇਂਦਰ ਸਰਕਾਰ ਨੇ ਲੋਕ ਸਭਾ, ਵਿਧਾਨ ਸਭਾਵਾਂ, ਨਗਰ ਨਿਗਮ ਅਤੇ ਪੰਚਾਇਤਾਂ ਦੀਆਂ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਮੁੱਦੇ 'ਤੇ ਗੌਰ ਕਰਨ ਅਤੇ ਜਲਦ ਤੋਂ ਜਲਦ ਸਿਫ਼ਾਰਸ਼ਾਂ ਦੇਣ ਲਈ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਹੇਠ ਇਸ ਸਾਲ 8 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਇਸ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਗੁਲਾਮ ਨਬੀ ਆਜ਼ਾਦ ਅਤੇ ਵਿੱਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਐੱਨ.ਕੇ. ਸਿੰਘ ਇਸ ਦੇ ਮੈਂਬਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8