ਪਹਿਲੇ ਦਿਨ 5 ਲੱਖ ਲੋਕਾਂ ਨੇ ਰਾਮਲੱਲਾ ਦੇ ਕੀਤੇ ਦਰਸ਼ਨ, ਸੁਰੱਖਿਆ ਕਰਮਚਾਰੀ ਘਬਰਾਏ
Wednesday, Jan 24, 2024 - 03:01 AM (IST)
ਅਯੁੱਧਿਆ - ਅਯੁੱਧਿਆ ਵਿਚ ਨਵੇਂ ਬਣੇ ਰਾਮ ਮੰਦਰ ਵਿਚ ਰਾਮਲੱਲਾ ਦੀ ਨਵੀਂ ਮੂਰਤੀ ਦੀ ਸਥਾਪਨਾ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਮੰਦਰ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ। ਮੰਦਰ ’ਚ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲੱਗ ਗਈ। ਪਹਿਲੇ ਦਿਨ ਲੱਖਾਂ ਲੋਕਾਂ ਨੇ ਰਾਮਲੱਲਾ ਦੇ ਦਰਸ਼ਨ ਕੀਤੇ। ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪੈ ਰਹੀ ਹੈ।
ਇਹ ਵੀ ਪੜ੍ਹੋ - ਉੱਤਰਾਖੰਡ ਰੋਡਵੇਜ਼ ਨੂੰ ਜਲਦ ਮਿਲਣਗੀਆਂ 330 ਨਵੀਆਂ ਬੱਸਾਂ
ਇਸ ਦੌਰਾਨ ਇਹ ਯਕੀਨੀ ਬਣਾਉਣ ਲਈ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖੁਦ ਚਾਰਜ ਸੰਭਾਲ ਲਿਆ ਹੈ। ਇਸ ਦੌਰਾਨ ਝਗੜੇ ਵਿਚ ਇਕ ਸ਼ਰਧਾਲੂ ਬੇਹੋਸ਼ ਹੋ ਗਿਆ। ਸੋਮਵਾਰ ਦੇਰ ਰਾਤ ਤੋਂ ਹੀ ਬਹੁਤ ਸਾਰੇ ਸੈਲਾਨੀ ਲਾਈਨ ਵਿਚ ਖੜ੍ਹੇ ਹੋ ਗਏ ਸਨ। ਰਾਮ ਮੰਦਰ ਦੇ ਦਰਵਾਜ਼ੇ ਮੰਗਲਵਾਰ ਸਵੇਰੇ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਭੀੜ ਵਧਣ ਲੱਗੀ ਅਤੇ ਲੋਕ ਮੁੱਖ ਦੁਆਰ ਵੱਲ ਵਧਣ ਲੱਗੇ। ਅੰਮ੍ਰਿਤਪਾਨ ਦੀ ਰਸਮ ਦੀ ਸਮਾਪਤੀ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿਚ ਸੰਤਾਂ ਸਮੇਤ ਬੁਲਾਰਿਆਂ ਨੇ ਸ਼੍ਰੀ ਰਾਮ ਦੇ ‘ਦਰਸ਼ਨ’ ਕੀਤੇ।
ਇਹ ਵੀ ਪੜ੍ਹੋ - ਅਯੁੱਧਿਆ: ਰਾਮ ਮੰਦਰ 'ਚ ਲੱਡੂਆਂ ਦੇ ਪ੍ਰਸਾਦ ਦੇ ਨਾਲ ਮਿਲਣਗੀਆਂ ਧਾਰਮਿਕ ਕਿਤਾਬਾਂ ਅਤੇ 'ਰਾਮ ਨਾਮਾ' (ਵੀਡੀਓ)
ਮੰਦਰ ਦੇ ਬਾਹਰ ਲੰਬੀ ਲਾਈਨ ਵਿਚ ਉਹ ਲੋਕ ਵੀ ਉਡੀਕ ਕਰ ਰਹੇ ਹਨ ਜੋ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਤੋਂ ਹੀ ਅਯੁੱਧਿਆ ਵਿਚ ਡੇਰਾ ਲਾਈ ਬੈਠੇ ਹਨ ਅਤੇ ਜਿਨ੍ਹਾਂ ਨੇ ਅਯੁੱਧਿਆ ਤੱਕ ਪਹੁੰਚਣ ਲਈ ਲੰਬੀਆਂ ਅਤੇ ਮੁਸ਼ਕਲ ਯਾਤਰਾਵਾਂ ਕੀਤੀਆਂ ਹਨ। ਫੁੱਲਾਂ ਅਤੇ ਲਾਈਟਾਂ ਨਾਲ ਸਜੇ ਮੰਦਰ ਦੇ ਗੇਟ ਸ਼ਰਧਾਲੂਆਂ ਲਈ ਸੈਲਫੀ ਸਪਾਟ ਬਣ ਗਏ ਹਨ। ਮੰਦਰ ਕੰਪਲੈਕਸ ਵੱਲ ਵਧਦੇ ਭਗਤਾਂ ਨੇ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਲਗਾਏ। ਸੂਚਨਾ ਨਿਰਦੇਸ਼ਕ ਸ਼ਿਸ਼ਿਰ ਨੇ ਕਿਹਾ ਕਿ ਦੁਪਹਿਰ ਤੱਕ ਢਾਈ ਤੋਂ ਤਿੰਨ ਲੱਖ ਸ਼ਰਧਾਲੂ ਮੰਦਰ ਦੇ ਦਰਸ਼ਨ ਕਰ ਚੁੱਕੇ ਸਨ ਅਤੇ ਓਨੇ ਹੀ ਸ਼ਰਧਾਲੂ ਹੋਰ ਦਰਸ਼ਨ ਲਈ ਬਚੇ ਹਨ। ਕਰੀਬ ਪੰਜ ਲੱਖ ਸ਼ਰਧਾਲੂਆਂ ਨੇ ਪਹਿਲੇ ਹੀ ਦਿਨ ਰਾਮ ਲੱਲਾ ਦੇ ਦਰਸ਼ਨ ਕੀਤੇ ਹਨ।
ਇਹ ਵੀ ਪੜ੍ਹੋ - ਮੇਰੇ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਹੁਕਮ ਦਰਸਾਉਂਦਾ ਹੈ ਕਿ ਉਨ੍ਹਾਂ ਦੇ ਦਿਲਾਂ 'ਚ ਡਰ ਹੈ: ਰਾਹੁਲ
8000 ਤੋਂ ਵਧ ਪੁਲਸ ਮੁਲਾਜ਼ਮ ਹਨ ਤਾਇਨਾਤ
8000 ਤੋਂ ਵੱਧ ਪੁਲਸ ਮੁਲਾਜ਼ਮ ਸਿਸਟਮ ਦੀ ਨਿਗਰਾਨੀ ਕਰ ਰਹੇ ਹਨ ਅਤੇ ਸਭ ਕੁਝ ਕਾਬੂ ਹੇਠ ਹੈ। ਪੁਲਸ ਦੇ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਅਤੇ ਪ੍ਰਮੁੱਖ ਸਕੱਤਰ (ਗ੍ਰਹਿ) ਸੰਜੇ ਪ੍ਰਸਾਦ ਖੁਦ ਮੰਦਰ ਦੇ ਅੰਦਰ ਹਨ ਅਤੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਅਯੁੱਧਿਆ ਪੁਲਸ ਨੇ ‘ਐਕਸ’ ’ਤੇ ਇਕ ਪੋਸਟ ’ਚ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ ਕਿ ਭਾਰੀ ਭੀੜ ਕਾਰਨ ਮੰਦਰ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8