ਓਮਾਨ ''ਚ ਇਕ ਹੀ ਪਰਿਵਾਰ ਦੇ 6 ਭਾਰਤੀ ਮੈਂਬਰ ਹੜ੍ਹ ''ਚ ਰੁੜੇ
Tuesday, May 21, 2019 - 11:05 AM (IST)

ਮਸਕਟ/ਨਵੀਂ ਦਿੱਲੀ (ਬਿਊਰੋ)— ਮੱਧ ਪੂਰਬੀ ਦੇਸ਼ ਓਮਾਨ ਵਿਚ ਭਿਆਨਕ ਹੜ ਵਿਚ 6 ਭਾਰਤੀ ਨਾਗਰਿਕ ਰੁੜ ਗਏ। ਇਹ ਲੋਕ ਮਹਾਰਾਸ਼ਟਰ ਦੇ ਬੀਡ ਜ਼ਿਲੇ ਦੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ ਮੈਂਬਰ ਹਨ। ਮੁੰਬਈ ਪੁਲਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੋਮਵਾਰ ਨੂੰ ਦੱਸਿਆ ਕਿ ਇਹ ਪਰਿਵਾਰ ਓਮਾਨ ਗਿਆ ਸੀ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਬੀਡ ਦੇ ਮਜਲਪਿੰਡ ਤੋਂ ਰਿਟਾਇਰਡ ਟੀਚਰ ਖੈਰੂੱਲਾ ਖਾਨ ਆਪਣੇ ਪਰਿਵਾਰ ਨਾਲ ਓਮਾਨ ਦੇ ਬਾਨੀ ਖਾਲਿਦ ਗਏ ਸਨ। ਇਹ ਇੱਥੇ ਦਾ ਮੁਖ ਸੈਲਾਨੀ ਸਥਲ ਮੰਨਿਆ ਜਾਂਦਾ ਹੈ ਜੋ ਕਿ ਰਾਜਧਾਨੀ ਮਸਕਟ ਤੋਂ ਸਿਰਫ 126 ਕਿਲੋਮੀਟਰ ਦੀ ਦੂਰੀ 'ਤੇ ਹੈ।
ਮਜਲਪਿੰਡ ਪੁਲਸ ਸਟੇਸ਼ਨ ਦੇ ਇੰਸਪੈਕਟਰ ਐੱਸ.ਏ. ਸਈਦ ਨੇ ਦੱਸਿਆ,''ਖਾਨ ਦੇ ਨਾਲ ਉਨ੍ਹਾਂ ਦੀ ਪਤਨੀ, ਨੂੰਹ ਅਰਸ਼ੀ ਅਤੇ ਤਿੰਨ ਪੋਤੇ-ਪੋਤੀ ਅਤੇ ਇਕ ਹੋਰ 28 ਸਾਲਾ ਵਿਅਕਤੀ ਸੀ। ਇਹ ਸਾਰੇ ਖਾਨ ਦੇ ਵੱਡੇ ਮੁੰਡੇ ਸਰਦਾਰ ਫਜ਼ਲ ਅਹਿਮਦ ਕੋਲ ਗਏ ਸਨ ਜੋ 2 ਸਾਲ ਤੋਂ ਇੱਥੇ ਫਾਰਮਾਸਿਸਟ ਦੇ ਤੌਰ 'ਤੇ ਕੰਮ ਕਰ ਰਹੇ ਹਨ।'' ਉਨ੍ਹਾਂ ਨੇ ਦੱਸਿਆ ਕਿ ਪੂਰਾ ਪਰਿਵਾਰ ਸਰਦਾਰ ਦੀ ਗੱਡੀ ਤੋਂ ਵਾਡੀ ਬਾਨੀ ਖਾਲਿਦ ਘੁੰਮਣ ਗਏ ਸਨ। ਜਦੋਂ ਉਹ ਉਸ ਜਗ੍ਹਾ ਪਹੁੰਚੇ ਤਾਂ ਭਾਰੀ ਮੀਂਹ ਦੇ ਨਾਲ ਤੂਫਾਨ ਆ ਗਿਆ। ਤੇਜ਼ ਮੀਂਹ ਅਤੇ ਧੁੰਦ ਕਾਰਨ ਗੱਡੀ ਅੱਗੇ ਨਹੀਂ ਜਾ ਪਾ ਰਹੀ ਸੀ।
ਪਰਿਵਾਰ ਨੇ ਬਾਹਰ ਨਿਕਲਣ ਲਈ ਜਿਵੇਂ ਹੀ ਗੱਡਾ ਦਾ ਦਰਵਾਜਾ ਖੋਲ੍ਹਿਆ ਤਾਂ ਸਰਦਾਰ ਦੀ ਚਾਰ ਸਾਲ ਦੀ ਬੇਟੀ ਸਿਦਰਾ ਪਾਣੀ ਵਿਚ ਡਿੱਗ ਪਈ। ਸਈਦ ਨੇ ਦੱਸਿਆ,''ਉਹ ਬੱਚੀ ਨੂੰ ਬਚਾਉਣ ਲਈ ਪਾਣੀ ਵਿਚ ਗਏ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਪੂਰਾ ਪਰਿਵਾਰ ਰੁੜ ਗਿਆ। ਥੋੜ੍ਹੀ ਦੇਰ ਬਾਅਦ ਸਾਰੇ ਲਾਪਤਾ ਹੋ ਗਏ।'' ਉਨ੍ਹਾਂ ਨੇ ਦੱਸਿਆ ਕਿ ਸਰਦਾਰ ਤਾੜ ਦੇ ਰੁੱਖ ਦੀ ਟਹਿਣੀ ਫੜ ਕੇ ਬਚ ਗਿਆ। ਸਰਦਾਰ ਨੇ ਓਮਾਨ ਵਿਚ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ,''ਸ਼ੁਰੂ ਵਿਚ ਸਾਨੂੰ ਲੱਗਾ ਸੀ ਕਿ ਉਹ ਧੁੱਪ ਵਾਲਾ ਦਿਨ ਹੈ। ਪਰ ਜਲਦੀ ਹਾ ਸਾਡਾ ਅੰਦਾਜ਼ਾ ਗਲਤ ਸਾਬਤ ਹੋ ਗਿਆ।''