ਪਟਾਕੇ ਚਲਾਉਣ ਤੋਂ ਰੋਕਣ ’ਤੇ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ
Thursday, Nov 12, 2026 - 05:15 PM (IST)
ਨੈਸ਼ਨਲ ਡੈਸਕ- ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਨੌਤਨ ਥਾਣਾ ਖੇਤਰ ਦੇ ਲਕਸ਼ਮੀਪੁਰ ਪਿੰਡ 'ਚ ਘਰ ਦੇ ਦਰਵਾਜ਼ੇ ’ਤੇ ਪਟਾਕੇ ਚਲਾਉਣ ਤੋਂ ਰੋਕਣ ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੌਰਾਨ ਬਚਾਅ ਕਰਨ ਪਹੁੰਚੇ ਉਸ ਦੇ 2 ਭਤੀਜੇ ਵੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਇਕ ਦਾ ਹੱਥ ਟੁੱਟ ਗਿਆ ਹੈ, ਜਦਕਿ ਦੂਜੇ ਦਾ ਕੰਨ ਕੱਟਿਆ ਗਿਆ ਹੈ।
ਮ੍ਰਿਤਕ ਦੀ ਪਛਾਣ ਲਕਸ਼ਮੀਪੁਰ ਦੇ ਵਾਰਡ ਨੰਬਰ-2 ਦੇ ਵਸਨੀਕ ਸਵ. ਪਾਰਸ ਮੁਖੀਆ ਦੇ ਪੁੱਤਰ ਮੋਤੀਲਾਲ ਮੁਖੀਆ (60) ਵਜੋਂ ਹੋਈ ਹੈ। ਮੋਤੀਲਾਲ ਮੁਖੀਆ ਨੇ ਕੁਝ ਲੋਕਾਂ ਨੂੰ ਆਪਣੇ ਘਰ ਦੇ ਦਰਵਾਜ਼ੇ ’ਤੇ ਪਟਾਕੇ ਚਲਾਉਣ ਤੋਂ ਰੋਕਿਆ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਇਹ ਵਿਵਾਦ ਹਿੰਸਕ ਝੜਪ ਵਿਚ ਬਦਲ ਗਿਆ। ਦੋਸ਼ ਹੈ ਕਿ ਦੂਜੀ ਧਿਰ ਦੇ ਲੋਕਾਂ ਨੇ ਇੱਟਾਂ-ਪੱਥਰਾਂ, ਲਾਠੀਆਂ-ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਮੋਤੀਲਾਲ ਮੁਖੀਆ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
