ਕਸ਼ਮੀਰ ਮੁੱਦੇ ''ਤੇ OIC ਦਾ ਦੋਹਰਾ ਚਰਿੱਤਰ, ਤਿੰਨ ਦੇਸ਼ਾਂ ਦੇ ਦਬਾਅ ''ਚ ਭਾਰਤ ਖ਼ਿਲਾਫ਼ ਚੁੱਕਿਆ ਕਦਮ
Tuesday, Dec 01, 2020 - 09:22 PM (IST)
ਦੁਬਈ : ਇਸਲਾਮਿਕ ਸਹਿਯੋਗ ਸੰਗਠਨ (OIC) ਦਾ ਕਸ਼ਮੀਰ ਮੁੱਦੇ 'ਤੇ ਦੋਹਰਾ ਚਰਿੱਤਰ ਸਾਹਮਣੇ ਆਇਆ ਹੈ। ਇੱਕ ਪਾਸੇ OIC ਭਾਰਤ ਖ਼ਿਲਾਫ਼ ਇਸ ਮਾਮਲੇ ਨੂੰ ਆਪਣੀ ਚਰਚਾ 'ਚ ਸ਼ਾਮਲ ਕਰਨ ਤੋਂ ਇਨਕਾਰ ਕਰ ਚੁੱਕਾ ਹੈ ਪਰ ਦੂਜੇ ਪਾਸੇ ਤਿੰਨ ਇਸਲਾਮਿਕ ਦੇਸ਼ਾਂ ਦੇ ਦਬਾਅ 'ਚ ਇੱਕ ਪ੍ਰਸਤਾਵ ਪਾਸ ਕਰ ਧਾਰਾ 370 ਹਟਾਉਣ ਨੂੰ ਅਧਿਕਾਰਾਂ ਦਾ ਉਲੰਘਣ ਕਰਾਰ ਦੇ ਰਿਹਾ ਹੈ। ਇਨ੍ਹਾਂ ਤਿੰਨ ਦੇਸ਼ਾਂ 'ਚ ਮਲੇਸ਼ੀਆ, ਤੁਰਕੀ ਅਤੇ ਪਾਕਿਸਤਾਨ ਸ਼ਾਮਲ ਹਨ ਜਿਨ੍ਹਾਂ ਨੇ ਇੱਕ ਬਿਆਨ ਜਾਰੀ ਕਰ ਮੰਗ ਕੀਤੀ ਕਿ ਸੰਯੁਕਤ ਰਾਸ਼ਟਰ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਦਿਨ ਦਾ ਐਲਾਨ ਕਰੇ। ਇਨ੍ਹਾਂ ਤਿੰਨਾਂ ਦੇਸ਼ਾਂ ਦੇ ਦਬਾਅ 'ਚ ਹੀ ਕਸ਼ਮੀਰ 'ਤੇ ਗੱਲ ਨਾ ਕਰਨ ਦਾ ਐਲਾਨ ਕਰਨ ਦੇ ਬਾਵਜੂਦ OIC ਨੇ ਇਹ ਪ੍ਰਸਤਾਵ ਪਾਸ ਕੀਤਾ ਜਿਸ 'ਤੇ ਭਾਰਤ ਨੇ ਸਖ਼ਤ ਇਤਰਾਜ ਜਤਾਇਆ ਹੈ।
ਇਸਲਾਮੀਕ ਸਹਿਯੋਗ ਸੰਗਠਨ (OIC) ਦੇ ਪ੍ਰਸਤਾਵ 'ਚ ਜੰਮੂ-ਕਸ਼ਮੀਰ ਦੇ ਜ਼ਿਕਰ 'ਤੇ ਭਾਰਤ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਨੂੰ ਅਣ-ਉਚਿਤ ਕਰਾਰ ਦਿੰਦੇ ਹੋਏ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦੇਣ ਦੀ ਸਲਾਹ ਦਿੱਤੀ ਹੈ। ਭਾਰਤ ਨੇ ਕਿਹਾ ਕਿ ਉਪਰੋਕਤ ਤਿੰਨੇਂ ਇਸਲਾਮਿਕ ਦੇਸ਼ ਜੋ ਲੋਕਤੰਤਰ ਦੀ ਗੱਲ ਤਾਂ ਕਰਦੇ ਹਨ ਪਰ ਹਾਲ ਦੇ ਸਾਲਾਂ 'ਚ ਇਨ੍ਹਾਂ ਦੇਸ਼ਾਂ 'ਚ ਪ੍ਰਗਟਾਵੇ ਦੀ ਆਜ਼ਾਦੀ 'ਤੇ ਰੋਕ, ਧਾਰਮਿਕ ਘੱਟ ਗਿਣਤੀਆਂ 'ਤੇ ਅੱਤਿਆਚਾਰ ਅਤੇ ਕਾਲਪਨਿਕ ਇਸਲਾਮਿਕ ਧਾਰਮਿਕ ਲੜਾਈ ਨੂੰ ਬੜਾਵਾ ਦਿੱਤਾ ਗਿਆ ਹੈ, ਜੋ ਪੂਰੀ ਦੁਨੀਆ ਲਈ ਖ਼ਤਰਾ ਸਾਬਤ ਹੋ ਰਿਹਾ ਹੈ। ਭਾਰਤ ਨੇ ਕਿਹਾ ਕਿ OIC ਦੀ ਬੈਠਕ 'ਚ ਜੰਮੂ-ਕਸ਼ਮੀਰ ਦੇ ਮਾਮਲੇ 'ਤੇ ਗਲਤ, ਚਾਲਬਾਜ਼ ਅਤੇ ਅਣ-ਉਚਿਤ ਤੱਥ ਰੱਖੇ ਗਏ। ਭਾਰਤ ਨੇ ਦੋ ਟੁਕ ਸ਼ਬਦਾਂ 'ਚ ਕਿਹਾ ਕਿ ਇਸਲਾਮਿਕ ਸਹਿਯੋਗ ਸੰਗਠਨ ਦਾ ਦੇਸ਼ ਦੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਕੋਈ ਸਟੈਂਡ ਨਹੀਂ ਹੈ ਅਤੇ ਇਸ 'ਚ ਜੰਮੂ-ਕਸ਼ਮੀਰ ਦਾ ਮਾਮਲਾ ਵੀ ਸ਼ਾਮਲ ਹੈ ਜੋ ਭਾਰਤ ਦਾ ਅਟੁੱਟ ਹਿੱਸਾ ਹੈ।
ਭਾਰਤ ਨੇ ਪਾਕਿਸਤਾਨ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਜਿਸ ਤਰ੍ਹਾਂ OIC ਅਜੇ ਵੀ ਅਜਿਹੇ ਦੇਸ਼ ਦੀਆਂ ਗੱਲਾਂ 'ਚ ਆ ਕੇ ਭਾਰਤ ਵਿਰੋਧੀ ਪ੍ਰਚਾਰ 'ਚ ਸ਼ਾਮਲ ਹੋ ਰਿਹਾ ਹੈ ਜਿਸ ਦਾ ਧਾਰਮਿਕ ਸਹਿਣਸ਼ੀਲਤਾ, ਕੱਟੜਪੰਥੀ ਅਤੇ ਘੱਟਗਿਣਤੀਆਂ ਦੇ ਉਤਪੀੜਨ ਨੂੰ ਲੈ ਕੇ ਇੱਕ ਘ੍ਰਿਣਾਯੋਗ ਰਿਕਾਰਡ ਹੈ। ਭਾਰਤ ਨੇ OIC ਨੂੰ ਭਵਿੱਖ 'ਚ ਅਜਿਹੇ ਮਾਮਲਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਾਈਜਰ ਦੀ ਰਾਜਧਾਨੀ ਨਿਆਮੀ 'ਚ ਇਸਲਾਮਿਕ ਸਹਿਯੋਗ ਸੰਗਠਨ (OIC) ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਬੈਠਕ ਸ਼ੁੱਕਰਵਾਰ ਨੂੰ ਸ਼ੁਰੂ ਹੋਈ। OIC 'ਚ 57 ਇਸਲਾਮਿਕ ਦੇਸ਼ ਸ਼ਾਮਲ ਹਨ ਜਿਸ ਦੀ ਅਗਵਾਈ ਸਾਊਦੀ ਅਰਬ ਕਰਦਾ ਹੈ। ਜੰਮੂ-ਕਸ਼ਮੀਰ 'ਚ ਧਾਰਾ 370 'ਚ ਬਦਲਾਅ ਤੋਂ ਬਾਅਦ ਤੋਂ ਹੀ ਪਾਕਿਸਤਾਨ ਲਗਾਤਾਰ ਕਸ਼ਮੀਰ ਮਾਮਲੇ ਨੂੰ ਲੈ ਕੇ ਬੈਠਕ ਕਰਨ ਦੀ ਮੰਗ ਕਰਦਾ ਰਿਹਾ ਹੈ ਅਤੇ ਹਰ ਵਾਰ ਮੁੰਹ ਦੀ ਖਾਂਦਾ ਰਿਹਾ ਹੈ।