ਜ਼ਿੰਦਾ ਬਜ਼ੁਰਗ ਨੂੰ ਸਰਕਾਰੀ ਰਿਕਾਰਡ ''ਚ ਮ੍ਰਿਤਕ ਐਲਾਨ ਕਰਨ ਵਾਲਾ ਅਧਿਕਾਰੀ ਮੁਅੱਤਲ
Tuesday, Sep 06, 2022 - 01:15 PM (IST)
ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਓਮਪ੍ਰਕਾਸ਼ ਨੂੰ ਜ਼ਿੰਦਾ ਹੋਣ ਦੇ ਬਾਵਜੂਦ ਸਰਕਾਰੀ ਰਿਕਾਰਡ 'ਚ ਮ੍ਰਿਤਕ ਕਰਾਰ ਦੇਣ ਵਾਲੇ ਗ੍ਰਾਮ ਵਿਕਾਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਸਤਾਵੇਜ਼ਾਂ ਵਿਚ ਮ੍ਰਿਤਕ ਬਜ਼ੁਰਗ ਨੂੰ ਜ਼ਿੰਦਾ ਦਿਖਾਉਣ ਲਈ ਰਿਕਾਰਡ ਨੂੰ ਠੀਕ ਕੀਤਾ ਜਾ ਰਿਹਾ ਹੈ। ਮੁੱਖ ਵਿਕਾਸ ਅਧਿਕਾਰੀ ਸ਼ਿਆਮ ਬਹਾਦੁਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਤਿਲਹਾਰ ਤਹਿਸੀਲ ਦੇ ਪਿੰਡ ਫਤਿਹਪੁਰ ਦੇ ਵਸਨੀਕ ਓਮਪ੍ਰਕਾਸ਼ (70) ਨੂੰ ਰਿਕਾਰਡ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦੀ ਬੁਢਾਪਾ ਪੈਨਸ਼ਨ ਅਤੇ ਬੈਂਕ 'ਚੋਂ ਹੋਰ ਪੈਸੇ ਕਢਵਾ ਪਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਉਨ੍ਹਾਂ ਦੀ ਸ਼ਿਕਾਇਤ ਸਾਹਮਣੇ ਆਈ ਤੁਰੰਤ ਹੀ ਜਾਂਚ ਦੇ ਆਦੇਸ਼ ਤਹਿਸੀਲਦਾਰ ਤਿਲਹਰ ਗਿਆਨੇਂਦਰ ਸਿੰਘ ਨੂੰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਵਿਚ ਪਿੰਡ ਫਤਿਹਪੁਰ ਦੇ ਗ੍ਰਾਮ ਵਿਕਾਸ ਅਫ਼ਸਰ ਸੁਮਿਤ ਕੁਮਾਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ, ਜਿਸ ਨੇ ਰਿਕਾਰਡ ਵਿਚ ਓਮ ਪ੍ਰਕਾਸ਼ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਇਹ ਵੀ ਪੜ੍ਹੋ : ਖ਼ੁਦ ਨੂੰ ਜ਼ਿੰਦਾ ਸਾਬਿਤ ਕਰਨ ਲਈ ਦਰ-ਦਰ ਭਟਕ ਰਿਹੈ ਓਮ ਪ੍ਰਕਾਸ਼, ਜਾਣੋ ਪੂਰਾ ਮਾਮਲਾ
ਇਸ ਲਈ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਗ੍ਰਾਮੀਣ ਵਿਕਾਸ ਅਫ਼ਸਰ ਸੁਮਿਤ ਕੁਮਾਰ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਵੱਲੋਂ ਜਾਰੀ ਕੀਤੇ ਮੌਤ ਦੇ ਸਰਟੀਫਿਕੇਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤਿਲਹਰ ਤਹਿਸੀਲ ਅਧੀਨ ਪੈਂਦੇ ਪਿੰਡ ਫਤਿਹਪੁਰ ਦੇ ਰਹਿਣ ਵਾਲੇ ਓਮਪ੍ਰਕਾਸ਼ ਨੇ ਸ਼ਨੀਵਾਰ ਨੂੰ ਥਾਣੇ 'ਚ ਅਫ਼ਸਰਾਂ ਦੇ ਸਾਹਮਣੇ ਪੇਸ਼ ਹੋ ਕੇ ਕਿਹਾ,''ਸਰ, ਮੈਂ ਓਮਪ੍ਰਕਾਸ਼ ਹਾਂ, ਮੈਂ ਜ਼ਿੰਦਾ ਹਾਂ, ਅਜੇ ਮਰਿਆ ਨਹੀਂ ਪਰ ਅਫਸਰਾਂ ਨੇ ਸਾਨੂੰ ਜਿਉਂਦੇ ਜੀ ਹੀ ਮਾਰ ਦਿੱਤਾ ਹੈ। ਨਾ ਤਾਂ ਕੋਈ ਵਿੱਤੀ ਮਦਦ ਆ ਰਹੀ ਹੈ ਅਤੇ ਨਾ ਹੀ ਬੈਂਕ ਵਿਚੋਂ ਪੈਸੇ ਨਿਕਲ ਰਹੇ ਹਨ। ਪੈਸੇ ਦੀ ਕਮੀ ਕਾਰਨ ਗੰਨੇ ਦੀ ਫ਼ਸਲ ਦੀ ਸਿੰਚਾਈ ਨਹੀਂ ਹੋ ਰਹੀ।" ਓਮਪ੍ਰਕਾਸ਼ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਵਿਚ ਉਸ ਨੂੰ ਇਕ ਸਾਲ ਪਹਿਲਾਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਜਦੋਂ ਉਹ ਬੁਢਾਪਾ ਪੈਨਸ਼ਨ ਦੇ ਪੈਸੇ ਕਢਵਾਉਣ ਲਈ ਬੈਂਕ ਗਿਆ ਤਾਂ ਉੱਥੇ ਦੱਸਿਆ ਗਿਆ ਕਿ ਤੁਹਾਡੀ ਮੌਤ ਹੋ ਗਈ ਹੈ, ਅਜਿਹੇ 'ਚ ਖਾਤੇ 'ਚੋਂ ਪੈਸੇ ਨਹੀਂ ਕਢਵਾਏ ਜਾ ਸਕਦੇ। ਇਸ ਤੋਂ ਬਾਅਦ ਖੰਡ ਮਿੱਲ ਤੋਂ ਗੰਨੇ ਦੇ ਪੈਸੇ ਆ ਗਏ ਪਰ ਉਹ ਵੀ ਨਹੀਂ ਨਿਕਲ ਸਕੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ