ਅਫ਼ਸਰਾਂ ਤੇ ਨੇਤਾਵਾਂ ਨੂੰ ਬਲੈਕਮੇਲ ਕਰਨ ਵਾਲੀ ਹਨੀ ਟਰੈਪ ਗੈਂਗ ਦੀਆਂ 5 ਔਰਤਾਂ ਗ੍ਰਿਫਤਾਰ
Friday, Sep 20, 2019 - 10:02 AM (IST)

ਇੰਦੌਰ— ਇੰਦੌਰ ਅਤੇ ਭੋਪਾਲ 'ਚ ਅਫ਼ਸਰਾਂ ਤੇ ਨੇਤਾਵਾਂ ਨੂੰ ਹਨੀ ਟਰੈਪ 'ਚ ਫਸਾ ਕੇ ਬਲੈਕਮੇਲ ਕਰਨ ਦੇ ਇਕ ਵੱਡੇ ਮਾਮਲੇ ਦਾ ਖੁਲਾਸਾ ਹੋਇਆ ਹੈ। ਪੁਲਸ ਨੇ ਇਸ ਗਿਰੋਹ ਦੀਆਂ 5 ਔਰਤਾਂ ਅਤੇ ਇਕ ਪੁਰਸ਼ ਨੂੰ ਗ੍ਰਿਫਤਾਰ ਕੀਤਾ ਹੈ। ਇਹ ਔਰਤਾਂ ਇੰਦੌਰ ਨਗਰ ਨਿਗਮ ਦੇ ਇੰਜੀਨੀਅਰ ਨੂੰ ਵਿਦਿਆਰਥਣ ਨਾਲ ਬਣਾਇਆ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 3 ਕਰੋੜ ਰੁਪਏ ਦੀ ਮੰਗ ਕਰ ਰਹੀ ਸੀ। ਹਾਲਾਂਕਿ ਹਾਲੇ ਸਿਰਫ਼ ਨਿਗਮ ਦੇ ਇੰਜੀਨੀਅਰ ਨੂੰ ਬਲੈਕਮੇਲ ਕਰਨ ਦੀ ਐੱਫ.ਆਈ.ਆਰ. ਦਰਜ ਹੋਈ ਹੈ ਪਰ ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਇਹ ਔਰਤਾਂ ਇਸ ਤਰ੍ਹਾਂ ਨਾਲ ਕੁਝ ਹੋਰ ਅਫ਼ਸਰਾਂ, ਨੇਤਾਵਾਂ ਦੇ ਵੀ ਅਸ਼ਲੀਲ ਵੀਡੀਓ ਬਣਾ ਚੁਕੀਆਂ ਹਨ। ਇਨ੍ਹਾਂ ਦੇ ਕਾਂਗਰਸ, ਭਾਜਪਾ ਨੇਤਾਵਾਂ ਨਾਲ ਸੰਪਰਕ ਵੀ ਸਾਹਮਣੇ ਆਏ ਹਨ।
ਇਸ ਤਰ੍ਹਾਂ ਕੀਤਾ ਗਿਆ ਗ੍ਰਿਫਤਾਰ
ਇੰਦੌਰ ਪੁਲਸ ਨੇ ਦੱਸਿਆ ਕਿ ਨਗਰ ਨਿਗਮ ਇੰਜੀਨੀਅਰ ਹਰਭਜਨ ਸਿੰਘ ਨੇ 3 ਦਿਨ ਪਹਿਲਾਂ ਬਲੈਕਮੇਲ ਕਰਨ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਪੁਲਸ ਨੇ ਔਰਤਾਂ ਨੂੰ ਫੋਨ ਕਰਵਾ ਲਾਲਚ ਦਿੱਤਾ ਕਿ ਉਹ ਇੰਦੌਰ ਆ ਕੇ ਪਹਿਲੀ ਕਿਸਤ ਦੇ 50 ਲੱਖ ਲੈ ਜਾਣ। ਜਦੋਂ ਉਹ ਕ੍ਰੇਟਾ ਕਾਰ 'ਤੇ ਵਿਜੇ ਨਗਰ ਪਹੁੰਚੀਆਂ ਤਾਂ ਪੁਲਸ ਨੇ ਦਬਿਸ਼ ਦੇ ਕੇ ਫੜ ਲਿਆ। ਕਾਰ 'ਚ ਪੁਲਸ ਨੂੰ ਆਰਤੀ ਵਾਸੀ ਭੋਪਾਲ, ਬੀ.ਐੱਸ.ਸੀ. ਦੀ ਵਿਦਿਆਰਥਣ ਮੋਨਿਕਾ ਅਤੇ ਡਰਾਈਵਰ ਓਮਪ੍ਰਕਾਸ਼ ਕੋਰੀ ਭੋਪਾਲ ਮਿਲੇ। ਆਰਤੀ ਤੋਂ ਪੁੱਛ-ਗਿੱਛ 'ਚ ਪਤਾ ਲੱਗਾ ਕਿ ਇਸ ਖੇਡ 'ਚ ਭੋਪਾਲ ਦੀਆਂ ਤਿੰਨ ਹੋਰ ਔਰਤਾਂ ਸ਼ਾਮਲ ਹਨ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਤਿੰਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਸਾਰਿਆਂ ਨੇ ਕਬੂਲਿਆ ਕਿ ਉਹ ਬਲੈਕਮੇਲ ਕਰ ਰਹੀਆਂ ਸਨ।
14.17 ਲੱਖ ਨਕਦ ਮਿਲੇ
ਪੁਲਸ ਨੂੰ ਸ਼ਵੇਤਾ ਵਿਜੇ ਜੈਨ ਦੇ ਘਰੋਂ 14.17 ਲੱਖ ਨਕਦ ਮਿਲੇ। ਸਾਰੀਆਂ ਔਰਤਾਂ ਤੋਂ ਮੋਬਾਇਲ ਫੋਨ, ਪੈਨ ਡਰਾਈਵ ਅਤੇ ਲੈਪਟਾਪ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਲੈਪਟਾਪ 'ਚ ਇਕ ਦਰਜਨ ਤੋਂ ਵਧ ਵੀਡੀਓ, 8 ਤੋਂ ਵਧ ਸਿਮ, ਮੋਬਾਇਲ ਫੋਨ ਵੀ ਹਨ। ਪੁਲਸ ਨੇ ਵੀਰਵਾਰ ਦੁਪਹਿਰ ਨੂੰ ਮੋਨਿਕਾ ਅਤੇ ਆਰਤੀ ਨੂੰ ਕੋਰਟ 'ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 22 ਸਤੰਬਰ ਤੱਕ ਪੁਲਸ ਰਿਮੰਡ 'ਚ ਭੇਜਿਆ ਹੈ। ਪੁਲਸ ਹਾਲੇ ਸਾਰੇ ਵੀਡੀਓ ਅਤੇ ਲੈਪਟਾਪ ਦੀ ਜਾਂਚ ਕਰ ਰਹੀ ਹੈ।