ਆਫ ਦਿ ਰਿਕਾਰਡ : ਕੀ ਸੱਤਿਆਪਾਲ ਮਲਿਕ ਹੀ ਹੋਣਗੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ
Friday, Aug 09, 2019 - 01:12 AM (IST)
ਜੰਮੂ — ਰਾਸ਼ਟਰਪਤੀ ਵੱਲੋਂ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਨਾਲ ਰਾਜਪਾਲ ਸੱਤਿਆਪਾਲ ਮਲਿਕ ਦੀ ਸਥਿਤੀ ਕੁਝ ਅਜੀਬ ਹੋ ਗਈ ਹੈ। ਨਵੀਂ ਵਿਵਸਥਾ ਦੇ ਤਹਿਤ ਹੁਣ ਇਥੇ ਰਾਜਪਾਲ ਦੇ ਅਹੁਦੇ ਨੂੰ ਘੱਟ ਕਰ ਉਪ ਰਾਜਪਾਲ ਦਾ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੱਦਾਖ ਦੇ ਤੌਰ 'ਤੇ ਨਵਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੋਂਦ 'ਚ ਆਇਆ ਹੈ। ਅਜਿਹੇ 'ਚ ਇਹ ਸਵਾਲ ਬਣਦਾ ਹੈ ਕਿ ਕੀ ਕਿਸੇ ਰਾਜਪਾਲ ਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਉਪ ਰਾਜਪਾਲ ਦੇ ਰੂਪ 'ਚ ਅਹੁਦਾ ਦਿੱਤਾ ਜਾ ਸਕਦਾ ਹੈ?
ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲੱਦਾਖ ਲਈ ਨਵੇਂ ਉਪ ਰਾਜਪਾਲਾਂ ਦੀ ਨਿਯੁਕਤੀ ਸਬੰਧੀ ਨਵੇਂ ਨੋਟੀਫਿਕੇਸ਼ਨ ਜਾਰੀ ਕੀਤੀ ਜਾਣੀ ਹੈ। ਅਜਿਹਾ ਲਗਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਫਿਲਹਾਲ ਐੱਲ.ਜੀ. ਦੇ ਤੌਰ 'ਤੇ ਕੰਮ ਕਰਨ ਦੇ ਸਬੰਧ 'ਚ ਸੱਤਿਆਪਲ ਮਲਿਕ ਦੀ ਸਹਿਮਤੀ ਦਾ ਇੰਤਜਾਰ ਕਰ ਰਹੇ ਹਨ। ਦੂਜਾ ਸਰਕਾਰ ਸੱਤਿਆਪਾਲ ਮਲਿਕ ਨੂੰ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਰਾਜਪਾਲ ਨਹੀਂ ਬਣਾਉਣਾ ਚਾਹੁੰਦੀ। ਹਾਲਾਂਕਿ ਇਹ ਵਿਵਸਥਾ ਕੁਝ ਸਮੇਂ ਤਕ ਜਾਰੀ ਰੱਖੀ ਜਾ ਸਕਦੀ ਹੈ ਪਰ ਉਸ ਤੋਂ ਬਾਅਦ ਸਰਕਾਰ ਦੋ ਵੱਖ-ਵੱਖ ਐੱਲ.ਜੀ. ਬਣਾਉਣ ਲਈ ਉਤਸੁਕ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰੂਪ 'ਚ ਬਦਲੇ ਜਾਣ ਤੋਂ ਬਾਅਦ ਸੇਵਾ ਨਿਯਮ ਅਤੇ ਕਾਫੀ ਸਾਰਾ ਪੇਪਰ ਵਰਕ ਸੰਸਦ 'ਚ ਪਾਸ ਕਾਨੂੰਨ ਮੁਤਾਬਕ ਪੂਰਾ ਕਰਨਾ ਹੋਵੇਗਾ।