ਆਫ ਦਿ ਰਿਕਾਰਡ :ਆਖ਼ਰਕਾਰ ਜੇਤੂ ਦੇ ਰੂਪ ’ਚ ਉੱਭਰੇ ਭੁਪਿੰਦਰ ਹੁੱਡਾ

03/20/2022 2:48:52 PM

ਨੈਸ਼ਨਲ ਡੈਸਕ- ਹਰਿਆਣਾ ਕਾਂਗਰਸ ਦੇ ਦਿੱਗਜ਼ ਨੇਤਾ ਭੁਪਿੰਦਰ ਸਿੰਘ ਹੁੱਡਾ ਆਖ਼ਰਕਾਰ ਇਕ ਜੇਤੂ ਦੇ ਰੂਪ ’ਚ ਉੱਭਰੇ, ਜਦੋਂ ਉਨ੍ਹਾਂ ਨੇ ਜੀ-23 ਨੇਤਾਵਾਂ ਦੇ ਨਾਲ ਲੰਮੇ ਸਮੇਂ ਤੋਂ ਲਟਕੇ ਵਿਵਾਦ ਨੂੰ ਸੁਲਝਾਉਣ ਲਈ ਰਾਹੁਲ ਗਾਂਧੀ ਦੇ ਨਾਲ ਮੈਰਾਥਨ ਬੈਠਕ ਕੀਤੀ। ਜਦੋਂ ਕਿ ਅੰਤ੍ਰਿਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਮੇਸ਼ਾ ਮਾਮਲੇ ਨੂੰ ਸੁਲਝਾਉਣ ਲਈ ਕਾਹਲੇ ਸਨ। ਉਹ ਰਾਹੁਲ ਗਾਂਧੀ ਸਨ, ਜੋ ਆਪਣੇ ਸਟੈਂਡ ’ਤੇ ਫਸੇ ਹੋਏ ਸਨ। ਹਰਿਆਣਾ ਦੇ ਸੰਬੰਧ ’ਚ ਮੁੱਦਿਆਂ ਨੂੰ ਸੁਲਝਾ ਲਿਆ ਗਿਆ ਹੈ ਅਤੇ ਸੀਨੀਅਰ ਹੁੱਡਾ ਸੁਲ੍ਹਾ ਫਾਰਮੂਲਾ ਤਿਆਰ ਕਰਨਗੇ।

ਉੱਚ ਪੱਧਰੀ ਸੂਤਰਾਂ ਅਨੁਸਾਰ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਦਾ ਅਹੁਦਾ ਛੱਡ ਦੇਣਗੇ। ਇਹ ਵਿਧਾਇਕ ਅਤੇ ਮਰਹੂਮ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਨੂੰ ਮਿਲ ਸਕਦਾ ਹੈ। ਹੁੱਡਾ ਨਾਲ ਕਈ ਸਾਲਾਂ ਤੋਂ ਲੜ ਰਹੀ ਸ਼ੈਲਜਾ ਨੂੰ ਲਾਂਭੇ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਦੀਪੇਂਦਰ ਸਿੰਘ ਹੁੱਡਾ ਲੈਣਗੇ, ਜੋ ਰਾਜ ਸਭਾ ਮੈਂਬਰ ਹਨ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁੱਡਾ ਅਤੇ ਰਾਹੁਲ ਗਾਂਧੀ ਵਿਚਾਲੇ ਯੂ. ਪੀ. ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਢਰਾ ਦੇ ਦਫਤਰ ’ਚ ਸਮਝੌਤਾ ਹੋਇਆ, ਜਿਸ ਤਹਿਤ ਜਦੋਂ ਵੀ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ) ਦਾ ਮੁੜ-ਗਠਨ ਕੀਤਾ ਜਾਵੇਗਾ, ਤਾਂ ਸੀਨੀਅਰ ਹੁੱਡਾ ਨੂੰ ਮੈਂਬਰ ਬਣਾਇਆ ਜਾਵੇਗਾ। ਦੀਪੇਂਦਰ ਸਿੰਘ ਹੁੱਡਾ, ਜੋ ਸੀ. ਡਬਲਯੂ. ਸੀ. ਦੇ ਵਿਸ਼ੇਸ਼ ਸੱਦੇ ਦੇ ਮੈਂਬਰ ਹਨ, ਆਪਣੇ ਪਿਤਾ ਨੂੰ ਸਥਾਈ ਮੈਂਬਰ ਬਣਵਾਉਣ ਲਈ ਯਤਨਸ਼ੀਲ ਹਨ। ਹੁੱਡਾ ਨੇ ਜੀ-23 ਦੇ ਹੋਰ ਨੇਤਾਵਾਂ ਨਾਲ ਸਬੰਧਤ ਮਾਮਲਿਆਂ ’ਤੇ ਵੀ ਚਰਚਾ ਕੀਤੀ ਅਤੇ ਬਾਅਦ ’ਚ ਗੁਲਾਮ ਨਬੀ ਆਜ਼ਾਦ ਨੇ ਹੋਲੀ ਵਾਲੇ ਦਿਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸਪੱਸ਼ਟ ਹੈ ਕਿ ਇਕ ਵੱਡਾ ਸੌਦਾ ਹੋਣ ਵਾਲਾ ਹੈ।


Tanu

Content Editor

Related News