ਰੇਲ ਹਾਦਸਾ: 100 ਤੋਂ ਵੱਧ ਲਾਸ਼ਾਂ ਦੀ ਪਛਾਣ ਬਾਕੀ, DNA ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ

Tuesday, Jun 06, 2023 - 03:39 PM (IST)

ਰੇਲ ਹਾਦਸਾ: 100 ਤੋਂ ਵੱਧ ਲਾਸ਼ਾਂ ਦੀ ਪਛਾਣ ਬਾਕੀ, DNA ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ

ਭੁਵਨੇਸ਼ਵਰ- ਓਡੀਸ਼ਾ ਰੇਲ ਹਾਦਸੇ 'ਚ ਜਾਨ ਗੁਆਉਣ  ਵਾਲੇ 100 ਤੋਂ ਵੱਧ ਲੋਕਾਂ ਦੀਆਂ ਲਾਸ਼ਾਂ ਅਜੇ ਵੀ ਇੱਥੋਂ ਦੇ ਵੱਖ-ਵੱਖ ਹਸਪਤਾਲਾਂ ਦੇ ਮੁਰਦਾਘਰਾਂ 'ਚ ਪਈਆਂ ਹਨ। ਇਨ੍ਹਾਂ ਲਾਸ਼ਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਸ ਦਰਮਿਆਨ ਭੁਵਨੇਸ਼ਵਰ ਸਥਿਤ ਏਮਜ਼ ਨੇ ਲਾਸ਼ਾਂ ਦੀ ਪਛਾਣ ਲਈ ਆਪਣੇ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਲੋਕਾਂ ਦੇ ਡੀ. ਐੱਨ. ਏ. ਨਮੂਨੇ ਲੈਣੇ ਸ਼ੁਰੂ ਕਰ ਦਿੱਤੇ ਹਨ। 

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਪਤਨੀ ਨੂੰ ਗੁਆ ਚੁੱਕੇ ਵਿਲਕਦੇ ਪਤੀ ਦੇ ਭਾਵੁਕ ਬੋਲ- ਹੁਣ ਮੈਂ 10 ਲੱਖ ਦਾ ਕੀ ਕਰਾਂਗਾ?

ਏਮਜ਼ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ ਦਾ ਦਾਅਵਾ ਕਰਨ ਵਾਲਿਆਂ ਵਿਚੋਂ ਹੁਣ ਤੱਕ 10 ਲੋਕਾਂ ਦੇ ਡੀ. ਐੱਨ. ਏ. ਨਮੂਨੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਹੁਣ 5 ਕੰਟੇਨਰਾਂ 'ਚ ਸ਼ਿਫਟ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਕੀਤਾ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਡੀ. ਐੱਨ. ਏ. ਨਮੂਨੇ ਲੈਣ ਮਗਰੋਂ ਲਾਸ਼ਾਂ ਨੂੰ ਉੱਚਿਤ ਲੋਕਾਂ ਨੂੰ ਸੌਂਪਣ ਜਾਂ ਫਿਰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਹੁਣ ਕੋਈ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਨ੍ਹਾਂ ਨੂੰ 6 ਮਹੀਨੇ ਤੱਕ ਕੰਟੇਨਰ 'ਚ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਮੌਤਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ 'ਚ ਸਰਕਾਰ, ਹੁਣ ਤੱਕ 108 ਦੀ ਹੋ ਸਕੀ ਪਛਾਣ

ਕੁੱਲ 278 ਮ੍ਰਿਤਕਾਂ ਵਿਚ 177 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ, ਜਦਿਕ ਹੋਰ 101 ਦੀ ਪਛਾਣ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾਣਾ ਬਾਕੀ ਹੈ। ਏਮਜ਼ ਵਿਚ ਕਰੀਬ 123 ਲਾਸ਼ਾਂ ਆਈਆਂ ਸਨ, ਜਿਨ੍ਹਾਂ 'ਚੋਂ 64 ਦੀ ਪਛਾਣ ਕਰ ਲਈ ਗਈ ਹੈ। ਓਧਰ ਝਾਰਖੰਡ ਦੇ ਇਕ ਪਰਿਵਾਰ ਨੇ ਮੰਗਲਵਾਰ ਨੂੰ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਸੋਮਵਾਰ ਨੂੰ ਉਪੇਂਦਰ ਕੁਮਾਰ ਸ਼ਰਮਾ ਦੀ ਲਾਸ਼ ਦੀ ਪਛਾਣ ਕੀਤੀ ਸੀ ਪਰ ਇਸ ਨੂੰ ਕਿਸੇ ਹੋਰ ਨੂੰ ਸੌਂਪ ਦਿੱਤਾ ਗਿਆ। ਇਸ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ ਕਿ ਜੇਕਰ ਲਾਸ਼ ਕਿਸੇ ਹੋਰ ਨੂੰ ਸੌਂਪ ਦਿੱਤੀ ਗਈ ਤਾਂ ਡੀ. ਐੱਨ. ਏ. ਨਮੂਨਾ ਲੈਣ ਦਾ ਕੀ ਮਤਲਬ ਹੈ? ਅਸੀਂ ਉਪੇਂਦਰ ਦੇ ਸਰੀਰ 'ਤੇ ਟੈਟੂ ਦੇ ਨਿਸ਼ਾਨ ਨਾਲ ਉਸ ਦੀ ਪਛਾਣ ਕੀਤੀ ਸੀ। 

ਇਹ ਵੀ ਪੜ੍ਹੋ ਹੁਣ ਤੱਕ ਵਾਪਰੇ 7 ਵੱਡੇ ਰੇਲ ਹਾਦਸੇ, ਜਿਨ੍ਹਾਂ ’ਚ ਹਜ਼ਾਰਾਂ ਲੋਕ ਗੁਆ ​​ਚੁੱਕੇ ਹਨ ਆਪਣੀ ਜਾਨ

ਹਾਲਾਂਕਿ ਏਮਜ਼ ਦੇ ਡਾਕਟਰ ਤ੍ਰਿਪਾਠੀ ਨੇ ਕਿਹਾ ਕਿ ਵਿਸਥਾਰਪੂਰਵਕ ਜਾਂਚ ਮਗਰੋਂ ਲਾਸ਼ਾਂ ਨੂੰ ਸੌਂਪਿਆ ਜਾ ਰਿਹਾ ਹੈ। ਡਾਕਟਰ ਮੁਤਾਬਕ ਡੀ. ਐੱਨ. ਏ. ਨਮੂਨਿਆਂ ਦੀ ਜਾਂਚ ਰਿਪੋਰਟ ਆਉਣ 'ਚ ਘੱਟ ਤੋਂ ਘੱਟ 7 ਤੋਂ 10 ਦਿਨ ਦਾ ਸਮਾਂ ਲੱਗ ਸਕਦਾ ਹੈ। ਮ੍ਰਿਤਕਾਂ ਵਿਚ ਜ਼ਿਆਦਾਤਰ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਇਲਾਵਾ ਓਡੀਸ਼ਾ ਦੇ ਰਹਿਣ ਵਾਲੇ ਹਨ। 


 


author

Tanu

Content Editor

Related News