ਓਡੀਸ਼ਾ : ਸਕੂਲ ਦੀ ਪ੍ਰਿੰਸੀਪਲ ਦੇ ਪਤੀ ਨੇ ਆਦਿਵਾਸੀ ਕੁੜੀ ਨਾਲ ਕੀਤਾ ਰੇਪ

12/07/2019 1:38:47 PM

ਕੋਰਾਪੁਟ (ਓਡੀਸ਼ਾ)— ਓਡੀਸ਼ਾ ਦੇ ਕੋਰਾਪੁਟ ਜ਼ਿਲੇ 'ਚ ਸਰਕਾਰੀ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਪ੍ਰਿੰਸੀਪਲ ਦੇ ਪਤੀ ਨੇ ਕਈ ਮਹੀਨਿਆਂ ਤੱਕ ਰੇਪ ਕੀਤਾ, ਜਿਸ ਨਾਲ ਉਹ ਗਰਭਵਤੀ ਹੋ ਗਈ। ਕੁੜੀ ਦੇ ਤਿੰਨ ਮਹੀਨੇ ਦੀ ਗਰਭਵਤੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਲਈ ਬਣੇ ਸਕੂਲ ਦੇ ਸਟਾਫ਼ ਕਵਾਰਟਰ 'ਚ ਆਪਣੀ ਪਤਨੀ ਨਾਲ ਰਹਿਣ ਵਾਲੇ 60 ਸਾਲਾ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਅਧਿਕਾਰੀ ਵਰੁਣ ਗੁੰਟਾਪੱਲੀ ਨੇ ਦੱਸਿਆ ਕਿ ਉਹ ਕੁੜੀ ਨੂੰ ਸਟਾਫ਼ ਕਵਾਰਟਰ 'ਚ ਬੁਲਾਉਂਦਾ ਸੀ ਅਤੇ ਉਸ ਦਾ ਕਈ ਵਾਰ ਯੌਨ ਸ਼ੋਸ਼ਣ ਕੀਤਾ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਕੁੜੀ ਦੇ ਮਾਤਾ-ਪਿਤਾ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਸ ਨੂੰ ਆਪਣੇ ਘਰ ਲਿਜਾਉਣ ਦੀ ਮਨਜ਼ੂਰੀ ਮੰਗੀ ਸੀ ਅਤੇ ਜਦੋਂ ਉਹ ਉਸ ਦੇ ਘਰ ਗ ਈਤਾਂ ਉਸ ਨੇ ਕਈ ਵਾਰ ਉਸ ਨਾਲ ਰੇਪ ਕੀਤਾ।

ਗੁੰਟਾਪੱਲੀ ਨੇ ਕਿਹਾ ਕਿ ਦੋਸ਼ੀ ਦੀ ਪਤਨੀ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ। ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਉਸ 'ਤੇ ਆਈ.ਪੀ.ਸੀ., ਪੋਕਸੋ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਰਾਜਸ਼੍ਰੀ ਦਾਸ ਨੇ ਕਿਹਾ ਕਿ ਕੁੜੀ ਨੂੰ ਮੈਡੀਕਲ ਜਾਂਚ ਤੋਂ ਬਾਅਦ ਬਾਲ ਦੇਖਭਾਲ ਸੰਸਥਾ 'ਚ ਰੱਖਿਆ ਜਾਵੇਗਾ। ਜ਼ਿਲਾ ਕਲਿਆਣ ਅਧਿਕਾਰੀ ਮਧੁਸਮਿਤਾ ਮੋਹਪਾਤਰਾ ਨੇ ਕਿਹਾ,''ਪ੍ਰਿੰਸੀਪਲ ਵਿਰੁੱਧ ਕਾਨੂੰਨੀ ਜਾਂਚ ਵੀ ਕੀਤੀ ਜਾਵੇਗੀ, ਕਿਉਂਕਿ ਸਰਕਾਰੀ ਕਵਾਰਟਰ 'ਚ ਕਿਸੇ ਪੁਰਸ਼ ਮੈਂਬਰ ਨੂੰ ਨਾ ਰੱਖਣ ਨੂੰ ਲੈ ਕੇ ਇਕ ਸਰਕੂਲਰ ਜਾਰੀ ਕੀਤਾ ਹੋਇਆ ਹੈ।'' ਇਹ ਸਕੂਲ ਰਾਜ ਸਰਕਾਰ ਦੇ ਐੱਸ.ਸੀ.-ਐੱਸ.ਟੀ. ਵਿਕਾਸ ਵਿਭਾਗ ਵਲੋਂ ਚਲਾਇਆ ਜਾਂਦਾ ਹੈ।


DIsha

Content Editor

Related News