ਓਡੀਸ਼ਾ ਦੇ ਮੁੱਖ ਮੰਤਰੀ ਪਟਨਾਇਕ ਨੇ ''ਕੋਵੈਕਸੀਨ'' ਟੀਕੇ ਦੀ ਪਹਿਲੀ ਖੁਰਾਕ ਲਈ
Monday, Mar 01, 2021 - 02:32 PM (IST)
ਭੁਵਨੇਸ਼ਵਰ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੋਮਵਾਰ ਨੂੰ ਕੋਵਿਡ-19 ਦੇ ਟੀਕੇ 'ਕੋਵੈਕਸੀਨ' ਦੀ ਪਹਿਲੀ ਖੁਰਾਕ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੇਸ਼ 'ਚ ਦੂਜੇ ਪੜਾਅ ਦੇ ਟੀਕਾਕਰਨ ਮੁਹਿੰਮ ਦੇ ਅਧੀਨ, ਇਕ ਮਾਰਚ ਤੋਂ ਸੀਨੀਅਰ ਨਾਗਰਿਕਾਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਜਦ ਮੁਖੀ ਪਟਨਾਇਕ 74 ਸਾਲ ਦੇ ਹਨ। ਉਨ੍ਹਾਂ ਨੇ ਵਿਧਾਨ ਸਭਾ ਦੇ ਹਸਪਤਾਲ 'ਚ 'ਕੋਵੈਕਸੀਨ' ਦਾ ਟੀਕਾ ਲਗਵਾਇਆ।
ਪਟਨਾਇਕ ਨੇ ਟੀਕਾ ਲੈਂਦੇ ਹੋਏ ਆਪਣੀ ਇਕ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ ਅਤੇ ਲਿਖਿਆ,''ਅੱਜ ਕੋਵਿਡ-19 ਦਾ ਟੀਕਾ ਲਗਵਾਇਆ। ਵਿਗਿਆਨੀਆਂ, ਸਿਹਤ ਕਰਮੀਆਂ ਦਾ ਸਮੇਂ ਤੋਂ ਮੁਕਾਬਲਾ ਕਰਦੇ ਹੋਏ ਲੋਕਾਂ ਤੱਕ ਟੀਕਾ ਪਹੁੰਚਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਲੈ ਕੇ ਆਭਾਰੀ ਹਾਂ। ਉਹ ਸਾਰੇ ਲੋਕ ਵੀ ਟੀਕਾ ਲਗਵਾਉਣ, ਜੋ ਦੂਜੇ ਪੜਾਅ ਦੇ ਟੀਕਾਕਰਨ ਮੁਹਿੰਮ ਦੇ ਅਧੀਨ ਇਸ ਦੀ ਯੋਗਤਾ ਰੱਖਦੇ ਹਨ।''