ਬੋਰਵੈੱਲ ''ਚ ਡਿੱਗੀ 80 ਸਾਲ ਦੀ ਬਜ਼ੁਰਗ ਔਰਤ ਨੂੰ ਕੱਢਿਆ ਬਾਹਰ, ਹਾਲਤ ਗੰਭੀਰ

Tuesday, Nov 14, 2023 - 03:03 PM (IST)

ਬੋਰਵੈੱਲ ''ਚ ਡਿੱਗੀ 80 ਸਾਲ ਦੀ ਬਜ਼ੁਰਗ ਔਰਤ ਨੂੰ ਕੱਢਿਆ ਬਾਹਰ, ਹਾਲਤ ਗੰਭੀਰ

ਭੁਵਨੇਸ਼ਵਰ- ਓਡੀਸ਼ਾ ਦੇ ਸੋਨੇਪੁਰ ਜ਼ਿਲ੍ਹੇ ਵਿਚ 80 ਸਾਲਾ ਇਕ ਔਰਤ 20 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ, ਜਿਸ ਤੋਂ ਬਾਅਦ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ ਗਈ ਅਤੇ ਉਸ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਤ ਦੀ ਹਾਲਤ ਗੰਭੀਰ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਦਰ ਡਵੀਜ਼ਨ ਦੇ ਕੈਨਫੁੱਲਾ ਪਿੰਡ ਕੋਲ ਇਕ ਜੰਗਲੀ ਇਲਾਕੇ ਦੀ ਹੈ। ਦੁਖੀ ਨੇਗੀ ਨਾਂ ਦੀ ਔਰਤ ਸੋਮਵਾਰ ਦੀ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਨ ਲਈ ਬਾਹਰ ਗਈ ਸੀ, ਉਸ ਦੌਰਾਨ ਇਹ ਹਾਦਸਾ ਵਾਪਰਿਆ। 

PunjabKesari

ਸਥਾਨਕ ਲੋਕਾਂ ਨੇ ਪੂਰੀ ਰਾਤ ਔਰਤ ਦੀ ਭਾਲ ਕੀਤੀ ਅਤੇ ਪੁਲਸ ਨੂੰ ਵੀ ਸੂਚਨਾ ਦਿੱਤੀ। ਮੰਗਲਵਾਰ ਸਵੇਰੇ ਪਤਾ ਲੱਗਾ ਕਿ ਔਰਤ ਬੋਰਵੈੱਲ 'ਚ ਡਿੱਗ ਗਈ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਸੇਵਾ ਅਤੇ ਓਡੀਸ਼ਾ ਡਿਜ਼ਾਸਟਰ ਰੈਪਿਡ ਰਿਸਪਾਂਸ ਫੋਰਸ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਇਹ ਮੁਹਿੰਮ 5 ਘੰਟੇ ਤੱਕ ਚੱਲੀ। ਔਰਤ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਗੂੰਗੀ-ਬਹਿਰੀ ਹੈ। ਬਚਾਅ ਦਲ ਨੇ ਔਰਤ ਨੂੰ ਸਾਹ ਲੈਣ 'ਚ ਮਦਦ ਲਈ ਬੋਰਵੈੱਲ ਵਿਚ ਆਕਸੀਜਨ ਦੀ ਸਪਲਾਈ ਕੀਤੀ ਅਤੇ ਉਸ ਨੂੰ ਬਾਹਰ ਕੱਢਣ ਲਈ ਇਕ ਸਮਾਨਾਂਤਰ ਟੋਇਆ ਪੁੱਟਿਆ ਗਿਆ। 

PunjabKesari

ਸੋਨੇਪੁਰ ਦੇ ਪੁਲਸ ਇੰਸਪੈਕਟਰ ਅਮਰੇਸ਼ ਪਾਂਡਾ ਨੇ ਦੱਸਿਆ ਕਿ ਜਦੋਂ ਔਰਤ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਨਬਜ਼ ਬੇਹੱਦ ਧੀਮੀ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਔਰਤ ਕੋਲੋਂ ਇਕ ਸੱਪ ਵੀ ਮਿਲਿਆ ਪਰ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਔਰਤ ਨੂੰ ਸੱਪ ਨੇ ਕੱਟਿਆ ਸੀ ਜਾਂ ਨਹੀਂ। 


 


author

Tanu

Content Editor

Related News