550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ''ਚ ਅੱਜ ਅਤੇ ਕੱਲ ਓਡ-ਈਵਨ ਯੋਜਨਾ ਤੋਂ ਛੋਟ

11/11/2019 10:25:08 AM

ਨਵੀਂ ਦਿੱਲੀ— ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਪ੍ਰਕਾਸ਼ ਪੁਰਬ ਦੇ ਮੌਕੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ 11 ਅਤੇ 12 ਨਵੰਬਰ ਨੂੰ ਓਡ-ਈਵਨ ਯੋਜਨਾ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਦਿੱਲੀ 'ਚ ਵੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅਤੇ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ 11 ਅਤੇ 12 ਨਵੰਬਰ ਓਡ-ਈਵਨ ਤੋਂ ਛੋਟ ਦਿੱਤੀ ਜਾਵੇ। 

ਇੱਥੇ ਦੱਸ ਦੇਈਏ ਕਿ ਬੀਤੇ ਦਿਨੀਂ ਦਿੱਲੀ ਦੇ ਸਿੱਖ ਭਾਈਚਾਰੇ ਨੇ ਪ੍ਰਕਾਸ਼ ਪੁਰਬ ਅਤੇ ਨਗਰ ਕੀਰਤਨ ਦੌਰਾਨ 11 ਅਤੇ 12 ਨਵੰਬਰ ਨੂੰ ਓਡ-ਈਵਨ 'ਚ ਛੋਟ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਕੇਜਰੀਵਾਲ ਸਰਕਾਰ ਨੇ ਮੰਨ ਲਿਆ। ਦਿੱਲੀ 'ਚ 11 ਨਵੰਬਰ ਨੂੰ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤ ਹਿੱਸਾ ਲਵੇਗੀ। ਇਹ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਤੋਂ ਰਵਾਨਾ ਹੋ ਕੇ ਗੁਰਦੁਆਰਾ ਪਿਆਊ ਜਾ ਕੇ ਖਤਮ ਹੋਵੇਗਾ। 

ਦੱਸਣਯੋਗ ਹੈ ਕਿ ਦਿੱਲੀ 'ਚ ਪ੍ਰਦੂਸ਼ਣ ਘੱਟ ਕਰਨ  ਲਈ 4 ਨਵੰਬਰ ਤੋਂ 15 ਨਵੰਬਰ ਤਕ ਓਡ-ਈਵਨ ਯੋਜਨਾ ਸ਼ੁਰੂ ਕੀਤੀ ਗਈ ਹੈ। ਐਤਵਾਰ ਨੂੰ ਇਸ ਯੋਜਨਾ ਤੋਂ ਛੋਟ ਦਿੱਤੀ ਗਈ ਹੈ। ਇਸ ਵਾਰ ਨਿਯਮ ਦਾ ਉਲੰਘਣ  ਕਰਨ 'ਤੇ 4 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਜਾ ਰਿਹਾ ਹੈ। ਬਾਹਰੀ ਸੂਬੇ ਤੋਂ ਆਉਣ ਵਾਲੀਆਂ ਗੱਡੀਆਂ ਜੇਕਰ ਨਿਯਮਾਂ ਦਾ ਉਲੰਘਣ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਭਰਨਾ ਪਵੇਗਾ।


Tanu

Edited By Tanu