ਪ੍ਰਦੂਸ਼ਣ ਘੱਟ ਕਰਨ ਲਈ ਦਿੱਲੀ ਸਰਕਾਰ ਦੇ ਫੈਸਲੇ ਵਿਰੁੱਧ ਕੋਰਟ ''ਚ ਅਰਜ਼ੀ, ਚੀਫ ਜੱਜ ਨੇ ਕੀਤੀ ਸ਼ਲਾਘਾ
Monday, Dec 07, 2015 - 02:52 PM (IST)

ਨਵੀਂ ਦਿੱਲੀ— ਦਿੱਲੀ ਸਰਕਾਰ ਵਲੋਂ ਰਾਜਧਾਨੀ ''ਚ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਨਿਜੀ ਵਾਹਨਾਂ ਨੂੰ ਓਡ-ਈਵਨ ਨੰਬਰਾਂ ਮੁਤਾਬਕ ਬਦਲਵੇਂ ਦਿਨਾਂ ''ਚ ਚਲਾਉਣ ਦੇ ਫੈਸਲੇ ਵਿਰੁੱਧ ਦਿੱਲੀ ਹਾਈਕੋਰਟ ''ਚ ਇਕ ਪਟੀਸ਼ਨ ਦਾਇਰ ਕਰ ਕੇ ਇਸ ਫੈਸਲੇ ''ਤੇ ਤੁਰੰਤ ਰੋਕ ਲਾਉਣ ਦੀ ਬੇਨਤੀ ਕੀਤੀ ਗਈ ਹੈ। ਇਸ ਪਟੀਸ਼ਨ ''ਤੇ ਦਿੱਲੀ ਹਾਈਕੋਰਟ ਬੁੱਧਵਾਰ ਨੂੰ ਸੁਣਵਾਈ ਕਰੇਗੀ। ਉੱਥੇ ਹੀ ਦੇਸ਼ ਦੇ 43ਵੇਂ ਚੀਫ ਜੱਜ ਤੀਰਥ ਸਿੰਘ ਠਾਕੁਰ ਨੇ ਦਿੱਲੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ''ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਮੈਂ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ। ਉਨ੍ਹਾਂ ਨੇ ਇਕ-ਇਕ ਦਿਨ ਦੇ ਅੰਤਰਾਲ ''ਤੇ ਓਡ-ਈਵਨ ਨੰਬਰ ਦੀ ਕਾਰ ਚਲਾਉਣ ਦਾ ਸਰਕਾਰ ਦੇ ਫੈਸਲਾ ਸ਼ਲਾਘਾਯੋਗ ਹੈ।
ਦਿੱਲੀ ਸਰਕਾਰ ਨੇ ਰਾਜਧਾਨੀ ਵਿਚ ਵੱਧਦੇ ਪ੍ਰਦੂਸ਼ਣ ''ਤੇ ਰੋਕ ਲਾਉਣ ਲਈ ਨਿਜੀ ਵਾਹਨਾਂ ਦੇ ਓਡ-ਈਵਨ ਨੰਬਰਾਂ ਮੁਤਾਬਕ ਚਲਾਉਣ ਦਾ ਐਲਾਨ ਸ਼ੁਕਰਵਾਰ ਨੂੰ ਕੀਤਾ ਸੀ। ਇਹ ਫੈਸਲਾ ਇਕ ਜਨਵਰੀ 2016 ਤੋਂ ਲਾਗੂ ਹੋਣਾ ਹੈ।
ਪਟੀਸ਼ਨ ''ਚ ਬੇਨਤੀ ਕੀਤੀ ਗਈ ਹੈ ਕਿ ਦਿੱਲੀ ਸਰਕਾਰ ਦੇ ਫੈਸਲੇ ''ਤੇ ਤੁਰੰਤ ਰੋਕ ਲਾਈ ਜਾਣੀ ਚਾਹੀਦੀ ਹੈ, ਕਿਉਂਕਿ ਇਹ ਫੈਸਲਾ ਬਿਨਾਂ ਇਹ ਪਤਾ ਲਾਏ ਕੀਤਾ ਹੈ ਕਿ ਆਖਿਰਕਾਰ ਕਿਸ ਵਾਹਨ ਤੋਂ ਕਿੰਨਾ ਪ੍ਰਦੂਸ਼ਣ ਫੈਲ ਰਿਹਾ ਹੈ। ਸਰਕਾਰ ਨੂੰ ਇਹ ਵੀ ਪਤਾ ਨਹੀਂ ਹੈ ਕਿ ਇਸ ਫੈਸਲੇ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਜਾਂ ਨਹੀਂ, ਜੇਕਰ ਪ੍ਰਦੂਸ਼ਣ ਘੱਟ ਹੋਵੇਗਾ ਵੀ ਤਾਂ ਕਿੰਨਾ ਘੱਟ ਹੋਵੇਗਾ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਬਿਨਾਂ ਕੋਈ ਵਿਵਸਥਾ ਕੀਤੇ ਇਹ ਫਾਰਮੂਲਾ ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧਣਗੀਆਂ। ਔਰਤਾਂ ਨੂੰ ਖਾਸ ਕਰਕੇ ਪ੍ਰੇਸ਼ਾਨੀ ਝੱਲਣੀ ਪਵੇਗੀ। ਇਸ ਫੈਸਲੇ ਮੁਤਾਬਕ ਇਕ ਜਨਵਰੀ ਤੋਂ ਹਫਤੇ ਵਿਚ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਈਵਨ ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ, ਜਦ ਕਿ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਓਡ ਨੰਬਰ ਦੀਆਂ ਗੱਡੀਆਂ ਨੂੰ ਚਲਾਉਣ ਦੀ ਆਗਿਆ ਹੋਵੇਗੀ। ਐਤਵਾਰ ਨੂੰ ਕਿਸੇ ਵੀ ਗੱਡੀ ''ਤੇ ਰੋਕ ਨਹੀਂ ਹੋਵੇਗੀ। ਜਿਨਾਂ ਵਾਹਨਾਂ ਦਾ ਆਖਰੀ ਨੰਬਰ 0,2,4,6 ਅਤੇ 8 ਹੋਵੇਗਾ ਉਹ ਸਮ ਨੰਬਰ ਦੀ ਸ਼੍ਰੇਣੀ ਵਿਚ ਹੋਣਗੇ ਜਦ ਕਿ 1,3,5,7 ਅਤੇ 9 ਵਿਸ਼ਮ ਸ਼੍ਰੇਣੀ ਦੇ ਵਾਹਨ ਮੰਨੇ ਜਾਣਗੇ।