ਪਹੁੰਚਣ ਤੋਂ ਪਹਿਲਾਂ ਕਮਜ਼ੋਰ ਪਿਆ ਓਖੀ : ਮੌਸਮ ਵਿਭਾਗ

12/06/2017 3:30:02 AM

ਅਹਿਮਦਾਬਾਦ— ਓਖੀ ਤੂਫਾਨ ਅੱਗੇ ਵਧਣ ਦੇ ਨਾਲ-ਨਾਲ ਕਮਜ਼ੋਰ ਪੈ ਰਿਹਾ ਹੈ ਤੇ ਸੰਭਵ ਹੈ ਕਿ ਪਹਿਲਾਂ ਤੋਂ ਲਗਾਏ ਗਏ ਅੰਦਾਜੇ ਦੇ ਉਲਟ ਇਹ ਸੂਰਤ ਨੇੜੇ ਗੁਜਰਾਤ ਤੱਟ ਤਕ ਨਾ ਪਹੁੰਚ ਸਕੇ। ਇਕ ਅਧਿਕਾਰਕ ਬਿਆਨ 'ਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੰਗਲਵਾਰ ਤੇ ਬੁੱਧਵਾਰ ਦੀ ਅੱਧੀ ਰਾਤ ਓਖੀ ਚੱਕਰਵਾਤ ਕਮਜ਼ੋਰ ਪੈਂਦਾ ਜਾ ਰਿਹਾ ਹੈ। ਸੰਭਵ ਹੈ ਕਿ ਗੁਜਰਾਤ ਤੱਟ ਤਕ ਪਹੁੰਚਦੇ ਹੋਏ ਇਹ ਰੁੱਕ ਜਾਵੇ।
ਮੌਸਮ ਵਿਭਾਗ ਮੁਤਾਬਕ ਸੂਰਤ ਦੇ ਦੱਖਣੀ ਪੱਛਮੀ ਕਿਨਾਰੇ ਤੋਂ 240 ਕਿਲੋਮੀਟਰ ਦੂਰ ਓਖੀ ਕਮਜ਼ੋਰ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ, 'ਪਿਛਲੇ 6 ਘੰਟੇ 'ਚ ਪੂਰਬੀ ਮੱਧ ਅਰਬ ਸਾਗਰ ਤੋਂ ਉੱਤਰੀ-ਪੂਰਬੀ ਦਿਸ਼ਾ 'ਚ ਵਧਦੇ ਹੋਏ ਚੱਕਰਵਾਤ 'ਚ 18 ਕਿਲੋਮੀਟਰ ਪ੍ਰਤੀ ਘੰਟੇ ਦੀ ਕਮੀ ਆਈ ਹੈ। ਹਾਲਾਂਕਿ ਤੱਟਾਂ 'ਤੇ ਤੂਫਾਨ ਦੇ ਖਤਰੇ ਦੀ ਚਿਤਾਵਨੀ ਨੂੰ ਮੌਸਮ ਵਿਭਾਗ ਨੇ ਵਾਪਸ ਨਹੀਂ ਲਿਆ ਹੈ ਕਿਉਂਕਿ ਹਾਲੇ ਵੀ ਸਮੁੰਦਰ 'ਚ ਤੇਜ਼ ਹਵਾਵਾਂ ਤੇ ਬਾਰਿਸ਼ ਦਾ ਅੰਦਾਜਾ ਲਗਾਇਆ ਗਿਆ ਹੈ।
ਮੌਸਮ ਵਿਭਾਗ ਦੇ ਨਿਦੇਸ਼ਕ ਜਯੰਤ ਸਰਕਾਰ ਨੇ ਕਿਹਾ, 'ਚੱਕਰਵਾਤ ਪਹਿਲਾਂ ਤੋਂ ਕਮਜ਼ੋਰ ਹੋ ਗਿਆ ਹੈ ਤੇ ਅੱਗੇ ਇਹ ਹੋਰ ਕਮਜ਼ੋਰ ਪੈ ਜਾਵੇਗਾ। ਇਹ ਸੰਭਵ ਹੈ ਕਿ ਗੁਜਰਾਤ ਦੇ ਤੱਟ ਨਾਲ ਇਹ ਨਾ ਟਕਰਾਵੇ ਤੇ ਤੱਟ ਤਕ ਪਹੁੰਚਣ ਤੋਂ ਪਹਿਲਾਂ ਹੀ ਕਮਜ਼ੋਰ ਪੈ ਜਾਵੇ।' ਜ਼ਿਕਰਯੋਗ ਹੈ ਕਿ ਮੁੰਬਈ 'ਚ ਭਾਰੀ ਬਾਰਿਸ਼ ਤੋਂ ਬਾਅਦ ਅਜਿਹਾ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਓਖੀ ਚੱਕਰਵਾਤ ਸੂਰਤ ਵੱਲ ਜਾ ਸਕਦਾ ਹੈ। ਇਸ ਦੇ ਕਾਰਨ ਗੁਜਰਾਤ 'ਚ ਕਈ ਨੇਤਾਵਾਂ ਨੇ ਆਪਣੀ ਚੋਣ ਰੈਲੀ ਨੂੰ ਵੀ ਰੱਦ ਕਰ ਦਿੱਤਾ ਸੀ। ਇਸ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਨੇ ਸੂਰਤ ਦਾ ਦੌਰਾ ਕੀਤਾ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਮੁਤਾਬਕ ਸੂਰਤ 'ਚ 1600 ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਐਨ.ਡੀ.ਆਰ.ਐੱਫ., ਬੀ.ਐੱਸ.ਐੱਫ. ਨੇਵੀ ਤੇ ਕੋਸਟਗਾਰਡ ਨੂੰ ਸਾਰੇ ਉਚਿਤ ਕਦਮ ਚੁੱਕਣ ਲਈ ਕਿਹਾ ਗਿਆ ਹੈ।


Related News