ਮਿਡਲ ਬਾਜ਼ਾਰ ਬਲਾਸਟ ਮਾਮਲਾ, NSG ਨੇ ਨੈਸ਼ਨਲ ਬੰਬ ਡਾਟਾ ਸੈਂਟਰ ਦੀ ਟੀਮ ਨਾਲ 9 ਘੰਟੇ ਤੱਕ ਮੌਕੇ ਤੋਂ ਇਕੱਠੇ ਕੀਤੇ ਸਬੂਤ

07/24/2023 1:11:27 PM

ਸ਼ਿਮਲਾ, (ਰਾਕਟਾ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਮਾਲ ਰੋਡ ਨਾਲ ਲੱਗਦੇ ਮਿਡਲ ਬਾਜ਼ਾਰ ਸਥਿਤ ਹਿਮਾਚਲ ਰਸੋਈ (ਰੈਸਟੋਰੈਂਟ) ’ਚ ਹੋਏ ਸ਼ੱਕੀ ਬਲਾਸਟ ਦੀ ਜਾਂਚ ਲਈ ਐਤਵਾਰ ਸਵੇਰੇ ਐੱਨ. ਐੱਸ. ਜੀ. ਦੀ ਟੀਮ ਸ਼ਿਮਲਾ ਪਹੁੰਚੀ। ਐੱਨ. ਐੱਸ. ਜੀ. ਦੇ ਕਮਾਂਡੋ ਨੇ ਡਾਗ ਸਕੁਐਡ ਅਤੇ ਨੈਸ਼ਨਲ ਬੰਬ ਡਾਟਾ ਸੈਂਟਰ ਟੀਮ ਦੇ ਨਾਲ ਘਟਨਾ ਸਥਾਨ ’ਤੇ ਲਗਭਗ 9 ਘੰਟੇ ਤੱਕ ਬਾਰੀਕੀ ਨਾਲ ਹਰ ਪਹਿਲੂ ਦੀ ਪੜਤਾਲ ਕੀਤੀ ਅਤੇ ਮੌਕੇ ਤੋਂ ਕੁੱਝ ਸਬੂਤ ਇਕੱਠੇ ਕਰ ਕੇ ਵੱਖ-ਵੱਖ ਪੈਕੇਟਾਂ ’ਚ ਸੀਲ ਕੀਤੇ।

ਸੂਚਨਾ ਅਨੁਸਾਰ ਐੱਨ. ਐੱਸ. ਜੀ. ਦੀ ਨੈਸ਼ਨਲ ਬੰਬ ਡਾਟਾ ਸੈਂਟਰ ਦੀ ਟੀਮ ਨੇ ਘਟਨਾ ਸਥਾਨ ਤੋਂ ਪੱਥਰ, ਇੱਟ, ਟਾਇਲ, ਮਿੱਟੀ, ਕੰਧਾਂ ਤੋਂ ਡਿੱਗੀ ਰੇਤ, ਲੋਹੇ ਦੀਆਂ ਚਾਦਰਾਂ, ਕੱਚ ਅਤੇ ਲਕੜਾਂ ਦੇ ਟੁਕੜੇ ਵੀ ਜਾਂਚ ਲਈ ਇਕੱਠੇ ਕੀਤੇ। ਐੱਨ. ਐੱਸ. ਜੀ. ਦੀ ਟੀਮ ਨੇ ਡਾਗ ਸਕੁਐਡ ਨਾਲ ਹਿਮਾਚਲ ਰਸੋਈ ਦੇ ਨਾਲ-ਨਾਲ ਧਮਾਕੇ ਦੀ ਰੇਂਜ ’ਚ ਆਈਆਂ ਸਾਰੀਆਂ ਦੁਕਾਨਾਂ ਦੀ ਵੀ ਪੜਤਾਲ ਕੀਤੀ। ਧਮਾਕੇ ਕਾਰਨ ਘਰਾਂ ਅਤੇ ਦੁਕਾਨਾਂ ’ਚ ਆਈਆਂ ਤਰੇੜਾਂ ਤੱਕ ਦੀ ਵੀ ਵੀਡੀਓਗ੍ਰਾਫੀ ਕੀਤੇ ਜਾਣ ਦੀ ਸੂਚਨਾ ਹੈ। ਐੱਨ. ਐੱਸ. ਜੀ. ਦੇ ਵਾਹਨਾਂ ਦਾ ਕਾਫਲਾ ਵੀ ਇਸ ਦੌਰਾਨ ਮਾਲ ਰੋਡ ’ਤੇ ਹੀ ਰਿਹਾ। ਇਸ ਦੌਰਾਨ ਕਿਸੇ ਨੂੰ ਵੀ ਗੇਯਟੀ ਥਿਏਟਰ ਵੱਲੋਂ ਰਿਪੋਰਟਿੰਗ ਰੂਮ ਵੱਲ ਨਹੀਂ ਆਉਣ ਦਿੱਤਾ ਗਿਆ ਅਤੇ ਧਮਾਕੇ ਦੀ ਰੇਂਜ ’ਚ ਆਇਆ ਪੂਰਾ ਖੇਤਰ ਸੀਲ ਰਿਹਾ। ਸਥਾਨਕ ਪੁਲਸ ਵੀ ਮੌਕੇ ’ਤੇ ਤਾਇਨਾਤ ਰਹੀ। ਐੱਨ. ਐੱਸ. ਜੀ. ਦੀ ਟੀਮ ਸਵੇਰੇ ਲਗਭਗ ਪੌਣੇ 9 ਵਜੇ ਮਾਲ ਰੋਡ ’ਤੇ ਪਹੁੰਚੀ।

ਐੱਨ. ਐੱਸ. ਜੀ. ਦੀ ਟੀਮ ਨੇ ਮਾਮਲੇ ਦੀ ਜਾਂਚ ਕਰਨ ਵਾਲੀ ਪੁਲਸ ਅਤੇ ਫਾਰੈਂਸਿਕ ਟੀਮ ਤੋਂ ਵੀ ਜਾਣਕਾਰੀ ਇਕੱਠੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਵੀ ਐੱਨ. ਐੱਸ. ਜੀ. ਦੀ ਜਾਂਚ ਜਾਰੀ ਰਹਿ ਸਕਦੀ ਹੈ। ਸੂਚਨਾ ਅਨੁਸਾਰ 20 ਦੇ ਕਰੀਬ ਕਮਾਂਡੋਜ਼ ਦੀ ਟੀਮ ਜਾਂਚ ਲਈ ਸ਼ਿਮਲਾ ਪਹੁੰਚੀ ਹੈ ਅਤੇ ਰਾਜ ਗੈੱਸਟ ਹਾਊਸ ਪੀਟਰਹਾਫ ’ਚ ਠਹਿਰੀ ਹੈ।


Rakesh

Content Editor

Related News