''ਪਹਿਲਾਂ ਖਾਓ ਫਿਰ ਚੁਕਾਓ'', ਹੁਣ ਪਿੱਜ਼ਾ-ਬਰਗਰ ਲਈ ਵੀ ਮਿਲੇਗਾ Loan
Thursday, Feb 20, 2020 - 06:04 PM (IST)

ਨਵੀਂ ਦਿੱਲੀ(ਏਜੰਸੀਆਂ)– ਆਨਲਾਈਨ ਵਿੱਤੀ ਕੰਪਨੀਆਂ (ਫਿਨਟੇਕ) ਹੁਣ ਈ-ਕਾਮਰਸ ਰਾਹੀਂ ਛੋਟੀ-ਮੋਟੀ ਖਰੀਦਦਾਰੀ ਦੇ ਨਾਲ ਐਪ ਰਾਹੀਂ ਖਾਣਾ ਮੰਗਵਾਉਣ ਲਈ ਤੁਰੰਤ ਕਰਜ਼ੇ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਸ ਨੂੰ ਕੰਪਨੀਆਂ ਨੇ ‘ਹੁਣੇ ਖਰਚ ਕਰੋ ਅਤੇ ਬਾਅਦ ’ਚ ਅਦਾ ਕਰੋ’ (ਬਾਏ ਨਾਓ ਪੇ ਲੇਟਰ) ਨਾਂ ਦਿੱਤਾ ਹੋਇਆ ਹੈ।
ਘੁੰਮਣ ਲਈ ਵੀ ਸਸਤਾ ਕਰਜ਼ਾ
ਫਿਨਟੇਕ ਕੰਪਨੀਆਂ ‘ਸਪੈਂਡ ਨਾਓ ਪੇ ਲੇਟਰ’ ਤਹਿਤ ਕਿਸੇ ਟੂਰਿਸਟ ਪਲੇਸ ’ਤੇ ਛੁੱਟੀਆਂ ਬਿਤਾਉਣ ਜਾਣ ਲਈ ਟਿਕਟ ਅਤੇ ਹੋਟਲ ਦੀ ਬੁਕਿੰਗ ਤੱਕ ਲਈ ਕਰਜ਼ਾ ਦੇ ਰਹੀਆਂ ਹਨ। ਇਸ ਪੇਸ਼ਕਸ਼ ਰਾਹੀਂ ਕੰਪਨੀਆਂ 100 ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਤੱਕ ਦੀ ਖਰੀਦਦਾਰੀ ਦੀ ਸਹੂਲਤ ਦਿੰਦੀਆਂ ਹਨ। ਹਾਲਾਂਕਿ ਗਾਹਕਾਂ ਦੀ ਵਿੱਤੀ ਸਥਿਤੀ ਮੁਤਾਬਕ ਕੁਝ ਕੰਪਨੀਆਂ 30 ਹਜ਼ਾਰ ਤੋਂ 2 ਲੱਖ ਰੁਪਏ ਤੱਕ ਖਰਚ ਕਰਨ ਦੀ ਸੀਮਾ ਦਿੰਦੀਆਂ ਹਨ।
ਉੱਚੀਆਂ ਵਿਆਜ ਦਰਾਂ
ਕੰਪਨੀਆਂ ਖਰਚ ਰਾਸ਼ੀ ’ਤੇ 36 ਫੀਸਦੀ ਤੱਕ ਵਿਆਜ ਵਸੂਲ ਕਰਦੀਆਂ ਹਨ। ਦੇਰੀ ਨਾਲ ਬਿੱਲ ਚੁਕਾਉਣ ਅਤੇ ਹੋਰ ਜੁਰਮਾਨੇ ਨੂੰ ਜੋੜ ਲਓ ਤਾਂ ਇਹ ਕਾਫੀ ਮਹਿੰਗਾ ਪੈਂਦਾ ਹੈ। ਕੰਪਨੀਆਂ 10 ਰੁਪਏ ਪ੍ਰਤੀ ਦਿਨ ਨਾਲ ਬਿੱਲ ਦੀ ਰਾਸ਼ੀ ਦਾ 30 ਫੀਸਦੀ ਤੱਕ ਟੈਕਸ ਵਸੂਲਦੀਆਂ ਹਨ।
ਵਸੂਲੀ ਦੇ ਤਰੀਕੇ
* ਕੰਪਨੀ ’ਚ ਪਹੁੰਚ ਕੇ ਸੂਚਨਾ ਦੇਣਾ ਜਾਂ ਹੰਗਾਮਾ ਕਰਨਾ
* ਘਰ ਜਾ ਕੇ ਹੰਗਾਮਾ ਕਰਨਾ
* ਸਿੱਬਲ ਰਿਪੋਰਟ ਖਰਾਬ ਕਰਨਾ
* ਸੋਸ਼ਲ ਮੀਡੀਆ ’ਤੇ ਬਦਨਾਮ ਕਰਨਾ
ਆਨਲਾਈਨ ਖਾਤੇ ’ਚੋਂ ਲੈਣ-ਦੇਣ
ਕੰਪਨੀਆਂ ਸ਼ੁਰੂਆਤ ’ਚ ਉਨ੍ਹਾਂ ਨੌਜਵਾਨਾਂ ਨੂੰ ਆਸਾਨੀ ਨਾਲ ਕਰਜ਼ਾ ਦਿੰਦੀਆਂ ਹਨ, ਜਿਨ੍ਹਾਂ ’ਤੇ ਪਹਿਲਾਂ ਤੋਂ ਕੋਈ ਕਰਜ਼ਾ ਨਹੀਂ ਹੁੰਦਾ ਹੈ। ਇਹ ਆਨਲਾਈਨ ਖਾਤੇ ਖੋਲ੍ਹਦੀਆਂ ਹਨ, ਜੋ ਆਈ. ਡੀ ਅਤੇ ਪਾਸਵਰਡ ਨਾਲ ਸੰਚਾਲਿਤ ਹੁੰਦੇ ਹਨ। ਤੁਹਾਡੀ ਕ੍ਰੈਡਿਟ ਸੀਮਾ ਮੁਤਾਬਕ ਉਸ ’ਚ ਕੰਪਨੀਆਂ ਰਾਸ਼ੀ ਪਹਿਲਾਂ ਪਾ ਦਿੰਦੀਆਂ ਹਨ।