ਹੁਣ ਯੂ. ਪੀ. ਤੇ ਬਿਹਾਰ ’ਚ ਵੀ ‘ਖੇਲਾ’ ਦੀ ਤਿਆਰੀ

Tuesday, Jul 04, 2023 - 01:45 PM (IST)

ਹੁਣ ਯੂ. ਪੀ. ਤੇ ਬਿਹਾਰ ’ਚ ਵੀ ‘ਖੇਲਾ’ ਦੀ ਤਿਆਰੀ

ਨਵੀਂ ਦਿੱਲੀ, (ਏਜੰਸੀ)- ਮਹਾਰਾਸ਼ਟਰ ’ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਹੁਣ ਬਿਹਾਰ ਅਤੇ ਉੱਤਰ ਪ੍ਰਦੇਸ਼ ’ਚ ਵੀ ਇਸੇ ਤਰ੍ਹਾਂ ਦੇ ‘ਖੇਲਾ’ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਭਾਜਪਾ ਦੋਵਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣਾ ਚਾਹੁੰਦੀ ਹੈ।

ਬਿਹਾਰ ਬਾਰੇ ਗੱਲ ਕਰਦੇ ਹੋਏ ਭਾਜਪਾ ਦੇ ਸੰਸਦ ਮੈਂਬਰ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਸੋਮਵਾਰ ਦਾਅਵਾ ਕੀਤਾ ਕਿ ਬਿਹਾਰ ਵਿੱਚ ਜਨਤਾ ਦਲ (ਯੂ) ਵਿੱਚ ਬਗਾਵਤ ਦਾ ਮਾਹੌਲ ਪੈਦਾ ਹੋ ਰਿਹਾ ਹੈ । ਇਹ ਕਿਸੇ ਵੇਲੇ ਵੀ ਫੁੱਟ ਸਕਦਾ ਹੈ। ਇਸ ਦੇ ਕਈ ਸੰਸਦ ਮੈਂਬਰ ਅਤੇ ਵਿਧਾਇਕ ਭਾਜਪਾ ਅਤੇ ਹੋਰ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ਦਲ (ਯੂ) ਦੇ ਇਹ ਆਗੂ ਨਾ ਤਾਂ ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਜਾਨਸ਼ੀਨ ਵਜੋਂ ਅਤੇ ਨਾ ਹੀ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਸਾਂਝੇ ਵਿਰੋਧੀ ਧਿਰ ਦੇ ਨੇਤਾ ਵਜੋਂ ਸਵੀਕਾਰ ਕਰ ਸਕਦੇ ਹਨ।

ਸੁਸ਼ੀਲ ਮੋਦੀ ਦੇ ਨਾਲ ਹੀ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕੱਟੜ ਵਿਰੋਧੀ ਲੋਕ ਜਨਸ਼ਕਤੀ ਪਾਰਟੀ (ਆਰ) ਦੇ ਮੁਖੀ ਚਿਰਾਗ ਪਾਸਵਾਨ ਨੇ ਵੀ ਦਾਅਵਾ ਕੀਤਾ ਕਿ ਨਿਤੀਸ਼ ਕੁਮਾਰ ਨੂੰ ਆਪਣੀ ਪਾਰਟੀ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਨਤਾ ਦਲ (ਯੂ) ਦੇ ਕਈ ਨੇਤਾ ਐੱਨ. ਡੀ. ਏ. ਅਤੇ ਮੇਰੇ ਸੰਪਰਕ ਵਿੱਚ ਹਨ। ਹਾਲ ਹੀ ’ਚ ਨਿਤੀਸ਼ ਦੇ ਗਠਜੋੜ ਤੋਂ ਵੱਖ ਹੋਏ ‘ਹਮ’ ਪਾਰਟੀ ਦੇ ਪ੍ਰਧਾਨ ਜੀਤਨ ਰਾਮ ਮਾਂਝੀ ਵੀ ਦਾਅਵਾ ਕਰ ਰਹੇ ਹਨ ਕਿ ਬਿਹਾਰ ’ਚ ਸਿਆਸੀ ਤਬਦੀਲੀ ਹੋਣ ਵਾਲੀ ਹੈ।

ਦੂਜੇ ਪਾਸੇ ਉੱਤਰ ਪ੍ਰਦੇਸ਼ ’ਚ ਰਾਸ਼ਟਰੀ ਲੋਕ ਦਲ ਦੇ ਨੇਤਾ ਜਯੰਤ ਚੌਧਰੀ ਭਾਜਪਾ ਨਾਲ ਹੱਥ ਮਿਲਾ ਸਕਦੇ ਹਨ। ਅਜਿਹੀਆਂ ਅਟਕਲਾਂ ਦਿੱਲੀ ’ਚ ਇਕ ਕੇਂਦਰੀ ਮੰਤਰੀ ਨਾਲ ਜਯੰਤ ਦੀ ਮੁਲਾਕਾਤ ਤੋਂ ਬਾਅਦ ਸ਼ੁਰੂ ਹੋਈਆਂ ਸਨ।

2022 ਦੀਆਂ ਵਿਧਾਨ ਸਭਾ ਚੋਣਾਂ ਸਮਾਜਵਾਦੀ ਪਾਰਟੀ ਨਾਲ ਲੜਨ ਵਾਲੇ ਜਯੰਤ ਦੇ ਅਾਉਣ ਨਾਲ ਭਾਜਪਾ ਪੱਛਮੀ ਯੂ.ਪੀ. ’ਚ ਮਜ਼ਬੂਤ ​​ਹੋ ਜਾਵੇਗੀ। ਇਸ ਤੋਂ ਇਲਾਵਾ ਇਹ ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਜਾਟ ਵੋਟਰਾਂ ਵਿੱਚ ਵੀ ਘੁੱਸਪੈਠ ਕਰ ਸਕੇਗਾ।

ਸੂਤਰਾਂ ਦਾ ਕਹਿਣਾ ਹੈ ਕਿ ਜਯੰਤ ਚੌਧਰੀ ਦੀ ਕੇਂਦਰੀ ਮੰਤਰੀ ਨਾਲ ਐਤਵਾਰ ਦਿੱਲੀ ’ਚ 2 ਘੰਟੇ ਤੱਕ ਚੱਲੀ ਬੈਠਕ ’ਚ ਉਨ੍ਹਾਂ ਦੇ ਐੱਨ. ਡੀ. ਏ. ਵਿਚ ਸ਼ਾਮਲ ਹੋਣ ਬਾਰੇ ਚਰਚਾ ਹੋਈ। ਇੰਨਾ ਹੀ ਨਹੀਂ, ਐਤਵਾਰ ਯੂ.ਪੀ. ਦੇ ਦੌਰੇ ’ਤੇ ਆਏ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਜਯੰਤ ਚੌਧਰੀ ਆਉਣ ਵਾਲੇ ਦਿਨਾਂ ’ਚ ਐੱਨ. ਡੀ. ਏ. ’ਚ ਸ਼ਾਮਲ ਹੋ ਸਕਦੇ ਹਨ।

ਪਿਛਲੇ ਕੁਝ ਸਮੇਂ ਤੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਜਯੰਤ ਚੌਧਰੀ ਵਿਚਾਲੇ ਰਿਸ਼ਤਿਆਂ ’ਚ ਖਟਾਸ ਦੀਆਂ ਗੱਲਾਂ ਚੱਲ ਰਹੀਆਂ ਹਨ। ਇੱਕ ਜੁਲਾਈ ਨੂੰ ਅਖਿਲੇਸ਼ ਯਾਦਵ ਦੇ ਜਨਮ ਦਿਨ ’ਤੇ ਜਯੰਤ ਚੌਧਰੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਇਕ ਵੀ ਟਵੀਟ ਨਹੀਂ ਕੀਤਾ, ਜਦਕਿ ਮਾਇਆਵਤੀ ਅਤੇ ਸੀ. ਐੱਮ. ਯੋਗੀ ਆਦਿਤਿਆਨਾਥ ਨੇ ਸਪਾ ਨੇਤਾ ਲਈ ਟਵੀਟ ਕੀਤਾ ਸੀ।

ਜਯੰਤ ਤੋਂ ਇਲਾਵਾ ਓਮ ਪ੍ਰਕਾਸ਼ ਰਾਜਭਰ ਨੂੰ ਵੀ ਐੱਨ. ਡੀ. ਏ. ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਰਾਜਭਰ ਪਹਿਲਾਂ ਐਨ. ਡੀ. ਏ ਦਾ ਹੀ ਹਿੱਸਾ ਸਨ ਪਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਹੇਲਦੇਵ ਸਮਾਜ ਪਾਰਟੀ ਐੱਨ. ਡੀ. ਏ. ਤੋਂ ਬਾਹਰ ਹੋ ਗਈ ਸੀ। ਰਾਜਭਰ ਦੇ ਗਠਜੋੜ ਤੋਂ ਬਾਹਰ ਹੋਣ ਕਾਰਨ ਯੂ.ਪੀ. ਦੇ ਪੂਰਵਾਂਚਲ ’ਚ ਭਾਜਪਾ ਨੂੰ ਕਈ ਸੀਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


author

Rakesh

Content Editor

Related News