PM ਮੋਦੀ ਦਾ ਵੱਡਾ ਐਲਾਨ- ਹੁਣ ਕੁੜੀਆਂ ਲਈ ਵੀ ਖੁੱਲ੍ਹਣਗੇ ਸੈਨਿਕ ਸਕੂਲਾਂ ਦੇ ਦਰਵਾਜ਼ੇ

08/15/2021 10:31:19 AM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ 75ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਦੇ ਨਾਂ ਆਪਣੇ ਸੰਬੋਧਨ ’ਚ ਵੱਡਾ ਐਲਾਨ ਕੀਤਾ ਕਿ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਦੇ ਦਰਵਾਜ਼ੇ ਹੁਣ ਕੁੜੀਆਂ ਲਈ ਵੀ ਖੋਲ੍ਹੇ ਜਾਣਗੇ। ਦੇਸ਼ ਵਿਚ ਇਸ ਸਮੇਂ 33 ਸੈਨਿਕ ਸਕੂਲਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਮਿਜ਼ੋਰਮ ਵਿਚ ਸੈਨਿਕ ਸਕੂਲਾਂ ’ਚ ਕੁੜੀਆਂ ਦੇ ਦਾਖ਼ਲੇ ਦੀ ਪਹਿਲੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਦੇਸ਼ ਦੇ ਸਾਰੇ ਸੈਨਿਕ ਸਕੂਲ ਦੇਸ਼ ਦੀਆਂ ਧੀਆਂ ਲਈ ਵੀ ਖੋਲ੍ਹੇ ਜਾਣਗੇ। ਸੈਨਿਕ ਸਕੂਲਾਂ ਦਾ ਸੰਚਾਲਨ ਸੈਨਿਕ ਸਕੂਲ ਸੋਸਾਇਟੀ ਵਲੋਂ ਕੀਤਾ ਜਾਂਦਾ ਹੈ, ਜੋ ਰੱਖਿਆ ਮੰਤਰਾਲਾ ਦੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਆਉਂਦੀ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਨਿਕ ਸਕੂਲਾਂ ਦੀ ਸਥਾਪਨਾ ਦਾ ਉਦੇਸ਼ ਵਿਦਿਆਰਥੀਆਂ ਨੂੰ ਘੱਟ ਉਮਰ ਤੋਂ ਹੀ ਭਾਰਤੀ ਹਥਿਆਰਬੰਦ ਬਲਾਂ ’ਚ ਐਂਟਰੀ ਲਈ ਤਿਆਰ ਕਰਨਾ ਹੈ। ਆਗਾਮੀ ਸੈਸ਼ਨ ਤੋਂ ਕੁੜੀਆਂ ਵੀ ਇਸ ਸਿਖਲਾਈ ਦਾ ਹਿੱਸਾ ਬਣ ਸਕਣਗੀਆਂ। ਇਸ ਉਦੇਸ਼ ਨਾਲ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਨੂੰ ਦੇਸ਼ ਦੀਆਂ ਧੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸੈਨਿਕ ਸਕੂਲਾਂ ’ਚ ਹੁਣ ਧੀਆਂ ਵੀ ਪੜ੍ਹਨਗੀਆਂ। ਸੜਕ ਤੋਂ ਲੈ ਕੇ ਵਰਕਪਲੇਸ ਤੱਕ ਔਰਤਾਂ ਨੂੰ ਸੁਰੱਖਿਆ ਦਾ ਅਹਿਸਾਸ ਹੋਵੇ, ਇਸ ਲਈ ਸ਼ਾਸਨ ਪ੍ਰਸ਼ਾਸਨ ਨੂੰ ਆਪਣੀ 100 ਫ਼ੀਸਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।


Tanu

Content Editor

Related News