ਜੰਮੂ-ਕਸ਼ਮੀਰ ਦੇ ਮੈਡੀਕਲ ਕਾਲਜਾਂ ’ਚ ਹੁਣ ਬਾਹਰੀ ਵਿਦਿਆਰਥੀ ਵੀ ਕਰ ਸਕਣਗੇ MBBS

Saturday, Oct 08, 2022 - 03:50 PM (IST)

ਜੰਮੂ-ਕਸ਼ਮੀਰ ਦੇ ਮੈਡੀਕਲ ਕਾਲਜਾਂ ’ਚ ਹੁਣ ਬਾਹਰੀ ਵਿਦਿਆਰਥੀ ਵੀ ਕਰ ਸਕਣਗੇ MBBS

ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਪਹਿਲੀ ਵਾਰ ਮੈਡੀਕਲ ਦਾਖ਼ਲੇ ਨੂੰ ਲੈ ਕੇ ਵੱਡਾ ਬਦਲਾਅ ਵੇਖਣ ਨੂੰ ਮਿਲਣ ਵਾਲਾ ਹੈ। ਦਰਅਸਲ ਪਹਿਲੀ ਵਾਰ ਜੰਮੂ-ਕਸ਼ਮੀਰ ਤੋਂ ਇਲਾਵਾ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੂੰ ਵੀ ਮੈਡੀਕਲ ਕਾਲਜਾਂ ’ਚ ਦਾਖ਼ਲਾ ਦਿੱਤਾ ਜਾਵੇਗਾ। ਹੋਰ ਸੂਬਿਆਂ ਦੇ ਵਿਦਿਆਰਥੀ ਵੀ ਜੰਮੂ-ਕਸ਼ਮੀਰ ਦੇ ਕਾਲਜਾਂ ’ਚ MBBS ਅਤੇ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕਰ ਸਕਣਗੇ। ਹੁਣ ਤੱਕ MBBS ਅਤੇ ਪੋਸਟ ਗਰੈਜੂਏਸ਼ਨ ਲਈ ਸੂਬੇ ’ਚ ਮੌਜੂਦਾ ਸੀਟਾਂ ’ਤੇ ਰਾਖਵਾਂਕਰਨ ਲਾਗੂ ਸੀ। ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਧਾਰਾ-370 ਨੂੰ ਰੱਦ ਕੀਤਾ, ਤਾਂ ਇੱਥੇ ਕੇਂਦਰੀ ਕਾਨੂੰਨ ਲਾਗੂ ਹੋ ਗਏ।

ਜੰਮੂ ਅਤੇ ਕਸ਼ਮੀਰ ਬੋਰਡ ਆਫ ਪ੍ਰੋਫੈਸ਼ਨਲ ਪ੍ਰਵੇਸ਼ ਪ੍ਰੀਖਿਆ ਵਲੋਂ ਐਲਾਨ ਕੀਤਾ ਗਿਆ ਸੀ ਕਿ ਇਸ ਸਾਲ MBBS ਸੀਟਾਂ ਦਾ 15 ਫ਼ੀਸਦੀ ਅਤੇ ਪੀ. ਜੀ. ਮੈਡੀਕਲ ਕੋਰਸਾਂ ਦੀਆਂ ਸੀਟਾਂ ਦਾ 50 ਫ਼ੀਸਦੀ ਆਲ ਇੰਡੀਆ ਕੋਟਾ ਤਹਿਤ ਸ਼ੇਅਰ ਕੀਤਾ ਜਾਵੇਗਾ। ਇਸ ਤਰ੍ਹਾਂ ਜੇਕਰ ਮੈਰਿਟ ਲਿਸਟ ’ਚ ਕਿਸੇ ਵੀ ਸੂਬੇ ਦੇ ਵਿਦਿਆਰਥੀ ਦਾ ਨਾਂ ਆਉਂਦਾ ਹੈ, ਤਾਂ ਉਹ ਜੰਮੂ-ਕਸ਼ਮੀਰ ’ਚ MBBS ਜਾਂ ਪੋਸਟ ਗਰੈਜੂਏਸ਼ਨ ਕੋਰਸ ’ਚ ਦਾਖ਼ਲਾ ਲੈ ਸਕੇਗਾ। ਇਹ ਵਿਵਸਥਾ ਪਹਿਲਾਂ ਲਾਗੂ ਨਹੀਂ ਸੀ।

ਹਾਲਾਂਕਿ ਸਰਕਾਰ ਵਲੋਂ ਲਾਗੂ ਕੀਤੀ ਗਈ ਇਸ ਵਿਵਸਥਾ ਦੀ ਆਲੋਚਨਾ ਹੋ ਰਹੀ ਹੈ। ਇੱਥੋਂ ਦੇ ਸਥਾਨਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ। ਸਥਾਨਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੈਡੀਕਲ ਸੀਟਾਂ ’ਚ ਕਮੀ ਹੋ ਜਾਵੇਗੀ। ਸਰਕਾਰ ਦੀ ਇਸ ਨਵੀਂ ਵਿਵਸਥਾ ਕਾਰਨ ਉਨ੍ਹਾਂ ’ਤੇ ਨੈਗੇਟਿਵ ਪ੍ਰਭਾਵ ਪਵੇਗਾ। 

ਜੰਮੂ-ਕਸ਼ਮੀਰ ’ਚ MBBS ਦੀਆਂ ਲੱਗਭਗ 1100 ਸੀਟਾਂ ਹਨ
ਜੰਮੂ-ਕਸ਼ਮੀਰ ਦੇ ਤਿੰਨ ਮੈਡੀਕਲ ਕਾਲਜਾਂ ’ਚ ਪੋਸਟ ਗਰੈਜੂਏਸ਼ਨ ਦੀਆਂ ਸਿਰਫ਼ 542 ਸੀਟਾਂ ਹਨ। ਹੁਣ ਇਨ੍ਹਾਂ ’ਚ ਅੱਧ ਤੋਂ ਵੱਧ ਸੀਟਾਂ ਸਥਾਨਕ ਡਾਕਟਰਾਂ ਲਈ ਰਹਿਣਗੀਆਂ। ਹਾਲਾਂਕਿ ਪਿਛਲੇ ਕੁਝ ਸਾਲਾਂ ਦੌਰਾਨ ਕੁੱਲ ਗਰੈਜੂਏਟ ਸੀਟਾਂ ਨੂੰ ਵਧਾ ਕੇ 1100 ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ 5 ਨਵੇਂ ਮੈਡੀਕਲ ਕਾਲਜ-ਜੀ. ਐੱਮ. ਸੀ. ਅਨੰਤਨਾਗ, ਜੀ. ਐੱਮ. ਸੀ. ਬਾਰਾਮੂਲਾ, ਜੀ. ਐੱਮ. ਸੀ. ਰਾਜੌਰੀ, ਜੀ. ਐੱਮ. ਸੀ. ਡੋਡਾ ਅਤੇ ਜੀ. ਐੱਮ. ਸੀ. ਕਠੂਆ ਦੀ ਸਥਾਪਨਾ ਕੀਤੀ। 


author

Tanu

Content Editor

Related News