ਹੁਣ 3 ਸੂਬਿਆਂ ਦੀਆਂ 20 ਵਿਧਾਨ ਸਭਾ ਸੀਟਾਂ ਲਈ ਮੁਕਾਬਲਾ

Wednesday, Jul 17, 2024 - 05:16 PM (IST)

ਹੁਣ 3 ਸੂਬਿਆਂ ਦੀਆਂ 20 ਵਿਧਾਨ ਸਭਾ ਸੀਟਾਂ ਲਈ ਮੁਕਾਬਲਾ

ਨਵੀਂ ਦਿੱਲੀ- ਕੁਝ ਦਿਨ ਪਹਿਲਾਂ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਲਈ ਹੋਈਆਂ ਉਪ ਚੋਣਾਂ ’ਚ ਐੱਨ. ਡੀ. ਏ. ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ 10 ਸੀਟਾਂ ’ਤੇ ਹਾਰ ਗਈ।

ਇਸ ਤੋਂ ਬਾਅਦ ਹੁਣ ਯੂ. ਪੀ., ਬਿਹਾਰ ਤੇ ਪੱਛਮੀ ਬੰਗਾਲ ’ਚ 2 ਸਿਅਾਸੀ ਵਿਰੋਧੀਆਂ ਵਿਚਾਲੇ ਇਕ ਹੋਰ ਵੱਡਾ ਮੁਕਾਬਲਾ ਹੋਣ ਵਾਲਾ ਹੈ। ਉੱਤਰ ਪ੍ਰਦੇਸ਼ ਦੀਆਂ 10, ਪੱਛਮੀ ਬੰਗਾਲ ਦੀਆਂ 6 ਤੇ ਬਿਹਾਰ ਦੀਆਂ 4 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਹੋਣੀਆਂ ਹਨ।

ਭਾਵੇਂ ਇਨ੍ਹਾਂ 20 ਸੀਟਾਂ ਦੇ ਨਤੀਜੇ ਅੰਕੜਿਆਂ ਦੇ ਹਿਸਾਬ ਨਾਲ ਮਾਮੂਲੀ ਹੋਣਗੇ ਪਰ ਇਹ ਯਕੀਨੀ ਤੌਰ ’ਤੇ ਐੱਨ. ਡੀ. ਏ. ਅਤੇ ‘ਇੰਡੀਆ’ ਗੱਠਜੋੜ ਦੇ ਮਨੋਬਲ ਨੂੰ ਪ੍ਰਭਾਵਿਤ ਕਰਨਗੇ। ਇਹ ਕੁਝ ਹੈਰਾਨੀ ਵਾਲੀ ਗੱਲ ਹੈ ਕਿ ਚੋਣ ਕਮਿਸ਼ਨ ਨੇ 10 ਜੁਲਾਈ ਨੂੰ 13 ਵਿਧਾਨ ਸਭਾ ਸੀਟਾਂ ਦੇ ਨਾਲ ਇਨ੍ਹਾਂ 20 ਸੀਟਾਂ ਲਈ ਉਪ ਚੋਣਾਂ ਦਾ ਸਮਾਂ ਤੈਅ ਨਹੀਂ ਕੀਤਾ। ਚੋਣ ਕਮਿਸ਼ਨ ਨੇ ਇਨ੍ਹਾਂ 20 ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਲਈ ਅਜੇ ਕੋਈ ਨਵੀਂ ਤਰੀਕ ਦਾ ਸੰਕੇਤ ਨਹੀਂ ਦਿੱਤਾ ਹੈ।

ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਮਹਾਰਾਸ਼ਟਰ, ਝਾਰਖੰਡ ਤੇ ਹਰਿਆਣਾ ’ਚ ਅਕਤੂਬਰ-ਦਸੰਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਇਨ੍ਹਾਂ 20 ਸੀਟਾਂ ਲਈ ਉਪ ਚੋਣਾਂ ਕਰਵਾਉਣ ਬਾਰੇ ਵਿਚਾਰ ਕਰ ਰਿਹਾ ਹੈ।

ਯੂ. ਪੀ. ’ਚ ਸਮਾਜਵਾਦੀ ਪਾਰਟੀ ਦੇ 4, ਭਾਜਪਾ ਦੇ 3 ਅਤੇ ਆਰ. ਐੱਲ. ਡੀ. ਤੇ ਨਿਸ਼ਾਦ ਪਾਰਟੀ ਦੇ ਇਕ-ਇਕ ਵਿਧਾਇਕ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ 9 ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਹਨ। ਸਿਸਾਮਊ ਤੋਂ ਸਪਾ ਵਿਧਾਇਕ ਇਰਫਾਨ ਸੋਲੰਕੀ ਨੂੰ ਅਪਰਾਧਿਕ ਮਾਮਲੇ ’ਚ ਜੇਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੈਂਬਰੀ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ।

ਯੂ. ਪੀ. ਦੀਆਂ ਉਪ-ਚੋਣਾਂ ਦਾ ਵਿਆਪਕ ਪ੍ਰਭਾਵ ਹੋ ਸਕਦਾ ਹੈ ਕਿਉਂਕਿ ਸੂਬੇ ਦੀਆਂ 80 ਸੀਟਾਂ ’ਚੋਂ ‘ਇੰਡੀਅਾ’ ਗੱਠਜੋੜ ਨੇ 43 ਲੋਕ ਸਭਾ ਸੀਟਾਂ ਜਿੱਤੀਆਂ ਹਨ ਜਿਨ੍ਹਾਂ ’ਚੋਂ ਸਪਾ ਦੀਆਂ 37 ਅਤੇ ਕਾਂਗਰਸ ਦੀਆਂ 6 ਸੀਟਾਂ ਹਨ । ਐੱਨ. ਡੀ. ਏ. ਨੂੰ ਸਿਰਫ਼ 36 ਮਿਲੀਆਂ। ਇਨ੍ਹਾਂ ’ਚ ਭਾਜਪਾ ਨੂੰ 33, ਆਰ. ਐੱਲ. ਡੀ. ਨੂੰ 2 ਤੇ ਅਪਨਾ ਦਲ ਨੂੰ ਇਕ ਸੀਟ ਮਿਲੀ।

ਬਿਹਾਰ ’ਚ ਰਾਮਗੜ੍ਹ, ਬੇਲਾ, ਇਮਾਮਗੰਜ ਤੇ ਤਰਾਈ ਸੀਟਾਂ ਮੌਜੂਦਾ ਵਿਧਾਇਕਾਂ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਖਾਲੀ ਹੋ ਗਈਆਂ ਹਨ। ਇਸੇ ਤਰ੍ਹਾਂ ਪੱਛਮੀ ਬੰਗਾਲ ’ਚ ਹਰੋਆ, ਨੇਹਾਟੀ, ਸੀਤਾਈ, ਤਲਡਾਂਗੜਾ, ਮਦਾਰੀਹਾਟ ਤੇ ਮੇਦਿਨੀਪੁਰ ਸੀਟਾਂ ਖਾਲੀ ਹੋ ਗਈਆਂ ਕਿਉਂਕਿ ਮੌਜੂਦਾ ਵਿਧਾਇਕਾਂ ਨੇ ਲੋਕ ਸਭਾ ਦੀਆਂ ਚੋਣਾਂ ਜਿੱਤ ਲਈਆਂ ਹਨ।


author

Rakesh

Content Editor

Related News