ਹੁਣ ਸਕੂਲਾਂ ’ਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਰੀਰਕ ਸਜ਼ਾ ’ਤੇ ਰੋਕ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਿਰਦੇਸ਼
Saturday, Mar 12, 2022 - 11:52 AM (IST)
ਸ਼ਿਮਲਾ- ਸਕੂਲਾਂ ’ਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਰੀਰਕ ਸਜ਼ਾ ’ਤੇ ਸਿੱਖਿਆ ਵਿਭਾਗ ਨੇ ਰੋਕ ਲਾ ਦਿੱਤੀ ਹੈ। ਅਜਿਹੇ ’ਚ ਹੁਣ ਪ੍ਰਦੇਸ਼ ਅਤੇ ਨਿੱਜੀ ਸਕੂਲਾਂ ’ਚ ਕੋਈ ਵੀ ਅਧਿਆਪਕ, ਵਿਦਿਆਰਥੀਆਂ ’ਤੇ ਹੱਥ ਨਹੀਂ ਚੁੱਕਣਗੇ ਅਤੇ ਨਾ ਹੀ ਡੰਡੇ ਨਾਲ ਉਨ੍ਹਾਂ ਦੀ ਕੁੱਟਮਾਰ ਕਰਨਗੇ। ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਕੁਮਾਰ ਸ਼ਰਮਾ ਵਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਸ਼ਰਮਾ ਵਲੋਂ ਜਾਰੀ ਨਿਰਦੇਸ਼ਾਂ ’ਚ ਸਕੂਲ ਮੁਖੀਆਂ ਨੂੰ ਅਜਿਹੇ ਮਾਮਲਿਆਂ ’ਤੇ ਨਜ਼ਰ ਰੱਖਣ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਵੀ ਕਿਹਾ ਗਿਆ ਹੈ।
ਇਸ ਤੋਂ ਬਾਅਦ ਵੀ ਜੇਕਰ ਸਕੂਲ ’ਚ ਬੱਚਿਆਂ ਨੂੰ ਸਰੀਰਕ ਸਜ਼ਾ ਦੇਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਜਵਾਬਦੇਹੀ ਸਕੂਲ ਮੁਖੀ ਦੀ ਹੋਵੇਗੀ। ਸਿੱਖਿਆ ਡਾਇਰੈਕਟਰ ਦਾ ਕਹਿਣਾ ਹੈ ਕਿ ਕੁਝ ਕੁ ਸਕੂਲਾਂ ’ਚ ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ’ਚ ਅਧਿਆਪਕਾਂ ਵਲੋਂ ਬੱਚਿਆਂ ’ਤੇ ਹੱਥ ਚੁੱਕੇ ਗਏ ਅਤੇ ਉਨ੍ਹਾਂ ਦੇ ਕੰਨ ਅਤੇ ਬਾਂਹਾਂ ਮਰੋੜੀਆਂ ਗਈਆਂ। ਅਜਿਹੇ ਮਾਮਲੇ ਸਕੂਲਾਂ ’ਚ ਮੁੜ ਪੇਸ਼ ਨਾ ਆਉਣ, ਇਸ ਦੇ ਚੱਲਦੇ ਵਿਭਾਗ ਨੇ ਸਾਰੇ ਸਕੂਲਾਂ, ਜ਼ਿਲ੍ਹਾ ਡਿਪਟੀ ਡਾਇਰੈਕਟਰਜ਼ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਵਿਭਾਗ ਨੇ ਅਧਿਆਪਕਾਂ ਨੂੰ ਇਨ੍ਹਾਂ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਲੈਣ ਨੂੰ ਕਿਹਾ ਹੈ।