ਹੁਣ ਇਕ ਭਾਜਪਾ ਵਿਧਾਇਕ ਨੇ ਹਿੰਦੂਆਂ ਨੂੰ ਆਬਾਦੀ ਵਧਾਉਣ ਲਈ ਕਿਹਾ

Sunday, Feb 25, 2018 - 12:51 PM (IST)

ਮੁਜ਼ੱਫਰਨਗਰ — ਆਪਣੇ ਬੇਤੁਕੇ ਬਿਆਨਾਂ ਅਤੇ ਬੜਬੋਲੇਪਣ ਲਈ ਅਕਸਰ ਹੀ ਮੀਡੀਆ ਦੀਆਂ ਸੁਰਖੀਆਂ 'ਚ ਰਹਿਣ ਵਾਲੇ ਭਾਜਪਾ ਦੇ ਵਿਧਾਇਕ ਵਿਕਰਮ ਸੈਣੀ ਅੱਜ ਕਲ ਮੁੜ ਵਿਵਾਦਾਂ 'ਚ ਹਨ। ਇਸ ਵਾਰ ਉਨ੍ਹਾਂ ਇਕ ਜਨਤਕ ਸਟੇਜ 'ਤੇ ਵਧਦੀ ਆਬਾਦੀ 'ਤੇ ਰੋਕ ਲਾਉਣ  ਦੇ ਨਿਯਮਾਂ ਦਾ ਮਜ਼ਾਕ ਉਡਾਉਂਦਿਆਂ ਇਕ ਨਿਖੇਧੀਯੋਗ ਬਿਆਨ ਦਿੱਤਾ।
ਉਨ੍ਹਾਂ ਸ਼ਰੇਆਮ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਕਿ ਉਹ ਆਬਾਦੀ ਵਧਾਉਣ। ਉਨ੍ਹਾਂ ਆਪਣੀ ਉਦਾਹਰਣ ਤਕ ਦਿੰਦਿਆਂ ਆਪਣੀ ਪਤਨੀ ਨੂੰ ਵੀ ਲਪੇਟੇ 'ਚ ਲੈ ਲਿਆ ਅਤੇ ਅਪ-ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਨਾਅਰਾ ਚੱਲਿਆ ਸੀ, ''ਹਮ ਦੋ-ਹਮਾਰੇ ਦੋ' ਅਸੀਂ ਇਸ ਨਾਅਰੇ ਨੂੰ ਅਪਣਾ ਲਿਆ। ਸਾਡੇ ਬਹੁਤੇ ਲੋਕ ਇਥੇ ਅਟਕ ਗਏ। ਫਿਰ ਨਾਅਰਾ ਆਇਆ, 'ਹਮ ਦੋ-ਹਮਾਰਾ ਏਕ', ਹੁਣ ਸਾਨੂੰ ਇਹ ਕਹਿਣਾ ਚਾਹੀਦਾ ਹੈ, 'ਹਮ ਦੋ-ਹਮਾਰੇ 18', 'ਹਮ 5-ਹਮਾਰੇ 25'। ਹੁਣ ਇਹ ਨਾਅਰਾ ਸਭ ਲਈ ਹੋਣਾ ਚਾਹੀਦਾ ਹੈ ਕਿਉਂਕਿ ਦੇਸ਼ ਸਭ ਦਾ ਹੈ। 
ਵਿਧਾਇਕ ਨੇ ਕਿਹਾ ਕਿ ਜੇ ਦੇਸ਼ ਸਭ ਦਾ ਹੈ ਤਾਂ ਕਾਨੂੰਨ ਵੀ ਸਭ ਲਈ ਇਕ ਹੀ ਹੋਣਾ ਚਾਹੀਦਾ ਹੈ। ਜਦ ਤਕ ਕਾਨੂੰਨ ਨਹੀਂ ਬਣਦਾ, ਹਿੰਦੂ ਭਰਾਵਾਂ ਨੂੰ ਖੁੱਲ੍ਹੀ ਛੋਟ ਹੈ ਕਿ ਉਹ ਨਾ ਰੁਕਣ। 
ਉਨ੍ਹਾਂ ਕਿਹਾ ਕਿ ਜਦੋਂ ਮੇਰੇ 2 ਬੱਚੇ ਸਨ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ ਸੀ ਕਿ ਸਾਡੇ 4 ਜਾਂ 5 ਬੱਚੇ ਹੋਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਵੀ ਇਸ ਸਾਲ ਦੇ ਸ਼ੁਰੂ ਵਿਚ ਵਿਕਰਮ ਸੈਣੀ ਨੇ ਧਰਮ ਨਿਰਪੱਖ ਭਾਰਤ ਸੰਬੰਧੀ ਕਿਹਾ ਸੀ ਕਿ ਸਾਡੇ ਦੇਸ਼ ਦਾ ਨਾਂ ਹਿੰਦੋਸਤਾਨ ਹੈ ਭਾਵ ਇਹ ਹਿੰਦੂਆਂ ਦਾ ਸਥਾਨ ਹੈ।


Related News