ਭਾਰਤ ਦੀ ਨੌਜਵਾਨ ਪੀੜ੍ਹੀ ਲਈ ਕੁਝ ਵੀ ਅਸੰਭਵ ਨਹੀਂ: PM ਮੋਦੀ
Sunday, Feb 05, 2023 - 06:02 PM (IST)
ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੇ ਨੌਜਵਾਨਾਂ ਲਈ ਕੁਝ ਵੀ ਅਸੰਭਵ ਨਹੀਂ ਹੈ ਅਤੇ ਹਰ ਟੀਚਾ ਉਦੋਂ ਆਸਾਨ ਹੋ ਜਾਂਦਾ ਹੈ, ਜਦੋਂ ਉਹ ਸਮਰੱਥਾ, ਸਵੈ-ਮਾਣ, ਸਵੈ-ਨਿਰਭਰਤਾ, ਸਹੂਲਤਾਂ ਅਤੇ ਸਾਧਨਾਂ ਦਾ ਅਹਿਸਾਸ ਕਰ ਲੈਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਲਈ ਕੁਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਆਪਣੀ ਬਹੁ-ਪੱਖੀ ਅਤੇ ਬਹੁ-ਆਯਾਮੀ ਕਾਬਲੀਅਤ ਕਰਕੇ ਸਿਰਫ਼ ਇਕ ਖੇਤਰ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਇਸ ਰਵੱਈਏ ਦੀ ਝਲਕ ਇਸ ਵਾਰ ਬਜਟ 'ਚ ਵਿਖਾਈ ਦਿੱਤੀ ਹੈ। ਇਸ ਵਾਰ ਦੇਸ਼ ਦੇ ਬਜਟ 'ਚ ਖੇਡ ਵਿਭਾਗ ਨੂੰ ਕਰੀਬ 2500 ਕਰੋੜ ਰੁਪਏ ਦਾ ਬਜਟ ਮਿਲਿਆ ਹੈ, ਜਦੋਂ ਕਿ 2014 ਤੋਂ ਪਹਿਲਾਂ ਖੇਡ ਵਿਭਾਗ ਦਾ ਬਜਟ ਸਿਰਫ 800-850 ਕਰੋੜ ਰੁਪਏ ਦੇ ਕਰੀਬ ਹੀ ਰਹਿੰਦਾ ਸੀ। ਹੁਣ ਬਜਟ 'ਚ ਲਗਭਗ ਤਿੰਨ ਗੁਣਾ ਵਾਧਾ ਹੋਇਆ ਹੈ। ਇਸ ਵਾਰ ਇਕੱਲੇ 'ਖੇਲੋ ਇੰਡੀਆ' ਮੁਹਿੰਮ ਲਈ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਜਟ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 'ਜੈਪੁਰ ਮਹਾਖੇਲ' ਦੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰ ਰਹੇ ਸਨ।
ਜੈਪੁਰ ਦਿਹਾਤੀ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਵੱਲੋਂ 'ਜੈਪੁਰ ਮਹਾਖੇਲ' (ਮੈਗਾ ਸਪੋਰਟ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਖੇਡਾਂ ਵਿਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਾਂ।