ਵਿਆਹ ਤੋਂ ਬਾਅਦ ਸੈਕਸ ਤੋਂ ਨਾਂਹ ਕਰਨ ਦੇ ਮਾਮਲੇ 'ਚ ਹਾਈਕੋਰਟ ਦੀ ਅਹਿਮ ਟਿੱਪਣੀ
Wednesday, Jun 21, 2023 - 10:34 AM (IST)

ਬੈਂਗਲੂਰੂ (ਅਨਸ)- ਕਰਨਾਟਕ ਹਾਈ ਕੋਰਟ ਨੇ ਇਕ ਵਿਅਕਤੀ ਵਿਰੁੱਧ ਪਤਨੀ ਵੱਲੋਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ ਦੇ ਮਾਮਲੇ ’ਚ ਦਾਖ਼ਲ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਜਸਟਿਸ ਐੱਮ. ਨਾਗਪ੍ਰਸੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਤੀ ਵੱਲੋਂ ਪੇਸ਼ ਪਟੀਸ਼ਨ ’ਤੇ ਗੌਰ ਕਰਦੇ ਹੋਏ ਕਿਹਾ ਕਿ ਹਿੰਦੂ ਵਿਆਹ ਕਾਨੂੰਨ-1955 ਦੇ ਤਹਿਤ ਪਤੀ ਵੱਲੋਂ ਸਰੀਰਕ ਸਬੰਧ ਤੋਂ ਇਨਕਾਰ ਕਰਨਾ ਜ਼ੁਲਮ ਹੈ ਪਰ ਇਹ ਆਈ. ਪੀ. ਸੀ. ਦੀ ਧਾਰਾ 489 ਏ ਦੇ ਤਹਿਤ ਨਹੀਂ ਆਉਂਦਾ।
ਜਾਣਕਾਰੀ ਅਨੁਸਾਰ ਔਰਤ ਦੇ ਪਤੀ ਨੇ ਆਪਣੇ ਅਤੇ ਆਪਣੇ ਮਾਤਾ-ਪਿਤਾ ਵਿਰੁੱਧ ਆਈ. ਪੀ. ਸੀ. ਧਾਰਾ 498 ਏ ਅਤੇ ਧਾਰਾ 4 ਦਾਜ ਰੋਕੂ ਕਾਨੂੰਨ ਦੇ ਤਹਿਤ ਪੁਲਸ ਵੱਲੋਂ ਦਾਖਲ ਚਾਰਜਸ਼ੀਟ ਨੂੰ ਕੋਰਟ ’ਚ ਚੁਣੌਤੀ ਦਿੱਤੀ ਸੀ। ਬੈਂਚ ਨੇ ਕਿਹਾ ਕਿ ਵਿਆਹ ਤੋਂ ਬਾਅਦ ਸੈਕਸ ਤੋਂ ਨਾਂਹ ਕਰਨੀ ਬਿਨਾਂ ਸ਼ੱਕ ਹਿੰਦੂ ਵਿਆਹ ਕਾਨੂੰਨ ਦੀ ਧਾਰਾ 12 (1)(ਏ) ਜ਼ੁਲਮ ਦੇ ਤਹਿਤ ਆਉਂਦਾ ਹੈ ਪਰ ਇਹ ਅਪਰਾਧ ਨਹੀਂ ਹੈ। ਬੈਂਚ ਨੇ ਕਿਹਾ ਕਿ ਪਤੀ ਵਿਰੁੱਧ ਅਪਰਾਧਕ ਕਾਰਵਾਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਕਾਨੂੰਨ ਦੀ ਪ੍ਰਕਿਰਿਆ ਦੀ ਗਲਤ ਵਰਤੋਂ ਹੋਵੇਗੀ। ਜਾਣਕਾਰੀ ਅਨੁਸਾਰ ਦੋਵਾਂ ਦਾ ਵਿਆਹ 18 ਦਸੰਬਰ 2019 ਨੂੰ ਹੋਇਆ ਸੀ ਅਤੇ ਸ਼ਿਕਾਇਤਕਰਤਾ ਪਤਨੀ ਸਿਰਫ 28 ਦਿਨਾਂ ਲਈ ਹੀ ਪਤੀ ਦੇ ਘਰ ਰਹੀ ਸੀ।