ਹੈਰਾਨੀਜਨਕ ਅੰਕੜੇ : ਦੇਸ਼ ਦੇ 8,000 ਸਕੂਲਾਂ ’ਚ 20,000 ਅਧਿਆਪਕ ਤਾਇਨਾਤ ਪਰ ਵਿਦਿਆਰਥੀ ਇਕ ਵੀ ਨਹੀਂ

Sunday, Oct 26, 2025 - 08:47 PM (IST)

ਹੈਰਾਨੀਜਨਕ ਅੰਕੜੇ : ਦੇਸ਼ ਦੇ 8,000 ਸਕੂਲਾਂ ’ਚ 20,000 ਅਧਿਆਪਕ ਤਾਇਨਾਤ ਪਰ ਵਿਦਿਆਰਥੀ ਇਕ ਵੀ ਨਹੀਂ

ਨਵੀਂ ਦਿੱਲੀ, (ਅਨਸ)- 2024-25 ਦੇ ਅਕਾਦਮਿਕ ਸੈਸ਼ਨ ਦੌਰਾਨ ਪੂਰੇ ਦੇਸ਼ ਦੇ ਲਗਭਗ 8,000 ਸਕੂਲਾਂ ’ਚ ਇਕ ਵੀ ਵਿਦਿਆਰਥੀ ਨੇ ਦਾਖਲਾ ਨਹੀਂ ਲਿਆ। ਸਿੱਖਿਆ ਮੰਤਰਾਲਾ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਪੱਛਮੀ ਬੰਗਾਲ ’ਚ ਅਜਿਹੇ ਸਕੂਲਾਂ ਦੀ ਗਿਣਤੀ ਸਭ ਤੋਂ ਵੱਧ 3,812 ਸੀ। ਤੇਲੰਗਾਨਾ ਦੂਜੇ ਨੰਬਰ ’ਤੇ ਸੀ ਜਿੱਥੇ ਇਹ ਗਿਣਤੀ 2,245 ਸੀ।

ਅਜਿਹੇ ਸਕੂਲਾਂ ’ਚ ਕੁੱਲ 20,817 ਅਧਿਆਪਕ ਤਾਇਨਾਤ ਕੀਤੇ ਗਏ ਸਨ। ਅਹਿਮ ਗੱਲ ਇਹ ਹੈ ਕਿ ਇਕੱਲੇ ਪੱਛਮੀ ਬੰਗਾਲ ਦੇ ਅਜਿਹੇ ਸਕੂਲਾਂ ’ਚ 17,965 ਅਧਿਆਪਕ ਕੰਮ ਕਰ ਰਹੇ ਸਨ। ਸਿੱਖਿਆ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਜ਼ੀਰੋ ਦਾਖਲਾ ਵਾਲੇ ਸਕੂਲਾਂ ਦੀ ਗਿਣਤੀ 2023-24 ’ਚ 12,954 ਤੋਂ ਘੱਟ ਕੇ 2024-25 ’ਚ 7,993 ਹੋ ਗਈ ਜੋ ਲਗਭਗ 5,000 ਦੀ ਕਮੀ ਨੂੰ ਦਰਸਾਉਂਦੀ ਹੈ। ਹਰਿਆਣਾ, ਮਹਾਰਾਸ਼ਟਰ, ਗੋਆ, ਆਸਾਮ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਨਾਗਾਲੈਂਡ, ਸਿੱਕਮ ਤੇ ਤ੍ਰਿਪੁਰਾ ’ਚ ਅਜਿਹਾ ਕੋਈ ਸਕੂਲ ਨਹੀਂ ਸੀ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਕੂਲੀ ਸਿੱਖਿਆ ਸੂਬੇ ਦਾ ਵਿਸ਼ਾ ਹੈ। ਸੂਬਿਆਂ ਨੂੰ ਜ਼ੀਰੋ ਦਾਖਲੇ ਦੀ ਸਮੱਸਿਆ ਨੂੰ ਹੱਲ ਕਰਨ ਦੀ ਸਲਾਹ ਦਿੱਤੀ ਗਈ ਹੈ। ਕੁਝ ਸੂਬਿਆਂ ਨੇ ਬੁਨਿਆਦੀ ਢਾਂਚੇ ਤੇ ਸਟਾਫ ਵਰਗੇ ਸੋਮਿਆਂ ਦੀ ਵਰਤੋਂ ਕਰਨ ਲਈ ਸਕੂਲਾਂ ਨੂੰ ਮਿਲਾ ਦਿੱਤਾ ਹੈ।

ਪੁੱਡੂਚੇਰੀ, ਲਕਸ਼ਦੀਪ, ਦਾਦਰਾ ਤੇ ਨਾਗਰ ਹਵੇਲੀ, ਅੰਡੇਮਾਨ-ਨਿਕੋਬਾਰ ਟਾਪੂ, ਦਮਨ ਤੇ ਦੀਵ ਅਤੇ ਚੰਡੀਗੜ੍ਹ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਜ਼ੀਰੋ ਦਾਖਲੇ ਵਾਲੇ ਸਕੂਲ ਨਹੀਂ ਸਨ। ਦਿੱਲੀ ’ਚ ਵੀ ਅਜਿਹਾ ਕੋਈ ਸਕੂਲ ਨਹੀਂ ਸੀ। ਮੱਧ ਪ੍ਰਦੇਸ਼ ’ਚ 463 ਅਜਿਹੇ ਸਕੂਲ ਸਨ ਜਿਨ੍ਹਾਂ ’ਚ 223 ਅਧਿਆਪਕ ਸਨ। ਤੇਲੰਗਾਨਾ ’ਚ ਅਜਿਹੇ 1016 ਤੇ ਉੱਤਰ ਪ੍ਰਦੇਸ਼ ’ਚ 81 ਸਕੂਲ ਸਨ।

ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਨੇ ਐਲਾਨ ਕੀਤਾ ਹੈ ਕਿ ਉਹ ਪਿਛਲੇ ਲਗਾਤਾਰ 3 ਅਕਾਦਮਿਕ ਸੈਸ਼ਨਾਂ ਤੋਂ ਜ਼ੀਰੋ ਦਾਖਲੇ ਵਾਲੇ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਦੀ ਤਿਆਰੀ ਕਰ ਰਿਹਾ ਹੈ।

ਸਿੰਗਲ-ਟੀਚਰ ਸਕੂਲਾਂ ਦੀ ਕੀ ਹੈ ਸਥਿਤੀ?

ਪੂਰੇ ਦੇਸ਼ ’ਚ 30 ਲੱਖ ਤੋਂ ਵੱਧ ਵਿਦਿਆਰਥੀ 1,00,000 ਤੋਂ ਵੱਧ ਸਿੰਗਲ-ਟੀਚਰ ਵਾਲੇ ਸਕੂਲਾਂ ’ਚ ਪੜ੍ਹ ਰਹੇ ਹਨ।

ਆਂਧਰਾ ਪ੍ਰਦੇਸ਼ ’ਚ ਅਜਿਹੇ ਸਕੂਲਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਝਾਰਖੰਡ, ਮਹਾਰਾਸ਼ਟਰ, ਕਰਨਾਟਕ ਤੇ ਲਕਸ਼ਦੀਪ ਅਾਉਂਦੇ ਹਨ। ਸਿੰਗਲ-ਟੀਚਰ ਸਕੂਲਾਂ ’ਚ ਦਾਖਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਝਾਰਖੰਡ, ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਅਾਉਂਦੇ ਹਨ।

ਸਿੰਗਲ-ਟੀਚਰ ਸਕੂਲਾਂ ਦੀ ਗਿਣਤੀ 2022-23 ’ਚ 118190 ਤੋਂ ਘਟ ਕੇ 2023-24 ’ਚ 110971 ਹੋ ਗਈ, ਜੋ ਲਗਭਗ 6 ਫੀਸਦੀ ਦੀ ਕਮੀ ਨੂੰ ਦਰਸਾਉਂਦੀ ਹੈ।


author

Rakesh

Content Editor

Related News