ਗਾਜ਼ੀਆਬਾਦ ’ਚ ਉੱਤਰੀ ਭਾਰਤ ਦਾ ਪਹਿਲਾ ਰੋਬੋਟਿਕ ਸਰਜਰੀ ਤੇ ਟਰੇਨਿੰਗ ਸੈਂਟਰ ਸ਼ੁਰੂ
Sunday, Oct 26, 2025 - 03:52 AM (IST)
ਗਾਜ਼ੀਆਬਾਦ – ਉੱਤਰੀ ਭਾਰਤ ਦਾ ਪਹਿਲਾ ਨਿੱਜੀ ਰੋਬੋਟਿਕ ਸਰਜਰੀ ਤੇ ਟਰੇਨਿੰਗ ਸੈਂਟਰ ਗਾਜ਼ੀਆਬਾਦ ਦੇ ‘ਯਸ਼ੋਦਾ ਮੈਡੀਸਿਟੀ’ ਹਸਪਤਾਲ ’ਚ ਸਥਾਪਤ ਕੀਤਾ ਗਿਆ ਹੈ। ਹਸਪਤਾਲ ਦੇ ਮੁਖੀ ਤੇ ਮੈਨੇਜਿੰਗ ਡਾਇਰੈਕਟਰ ਡਾ. ਪੀ. ਐੱਨ. ਅਰੋੜਾ ਨੇ ਦੱਸਿਆ ਕਿ ਹੁਣ ਤਕ ਲੱਗਭਗ 80 ਡਾਕਟਰਾਂ ਨੂੰ ‘ਰੋਬੋਟਿਕ ਅਸਿਸਟਿਡ ਸਰਜਰੀ’ ’ਚ ਟਰੇਨਿੰਗ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਇਸ ਨੂੰ ਸਿਹਤ ਖੇਤਰ ਦਾ ਭਵਿੱਖ ਦੱਸਦੇ ਹੋਏ ਕਿਹਾ ਕਿ ਰੋਬੋਟਿਕ ਸਰਜਰੀ ਮਰੀਜ਼ਾਂ ਨੂੰ ਬਿਹਤਰ ਇਲਾਜ, ਤੇਜ਼ੀ ਨਾਲ ਰਿਕਵਰੀ ਅਤੇ ਘੱਟ ਸਮੱਸਿਆਵਾਂ ਦੇ ਨਾਲ ਇਲਾਜ ਸੇਵਾਵਾਂ ਮੁਹੱਈਆ ਕਰਵਾਏਗੀ। ਹਸਪਤਾਲ ’ਚ ਰੋਬੋਟਿਕ ਸਰਜਰੀ ਦੇ ਨਾਲ ਕ੍ਰਿਟੀਕਲ ਕੇਅਰ, ਹਾਰਟ ਸੈਂਟਰ ਤੇ ਹੋਰ ਉੱਤਮਤਾ ਕੇਂਦਰ ਵੀ ਸਥਾਪਤ ਕੀਤੇ ਗਏ ਹਨ।
ਇਸ ਹਸਪਤਾਲ ਦਾ ਉਦਘਾਟਨ ਭਲਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ ’ਚ ਕੀਤਾ ਜਾਵੇਗਾ। ਪਹਿਲੇ ਪੜਾਅ ’ਚ 600 ਬੈੱਡਾਂ ਦੇ ਨਾਲ ਸੰਚਾਲਨ ਸ਼ੁਰੂ ਹੋਵੇਗਾ, ਜਦੋਂਕਿ ਕੁਲ ਸਮਰੱਥਾ 1200 ਬੈੱਡਾਂ ਦੀ ਹੋਵੇਗੀ।
ਡਾ. ਅਰੋੜਾ ਨੇ ਦੱਸਿਆ ਕਿ ਰੋਬੋਟਿਕ ਪ੍ਰਣਾਲੀ ਦੀ ਵਰਤੋਂ ਇਸਤਰੀ ਰੋਗਾਂ, ਪ੍ਰੋਸਟੇਟ ਤੇ ਕੋਲੋਰੈਕਟਲ ਕੈਂਸਰ, ਦਿਲ, ਯੂਰੋਲਾਜੀ, ਕਿਡਨੀ ਟਰਾਂਸਪਲਾਂਟ ਤੇ ਨਿਊਰੋਸਰਜਰੀ ਵਰਗੀ ਗੁੰਝਲਦਾਰ ਸਰਜਰੀ ’ਚ ਕੀਤੀ ਜਾਵੇਗੀ। ਇਹ ਤਕਨੀਕ ਲਗਾਤਾਰ ਨਵੀਆਂ ਖੋਜਾਂ ਰਾਹੀਂ ਵਿਕਸਿਤ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ’ਚ ਇਲਾਜ ਖੇਤਰ ਵਿਚ ਵਿਆਪਕ ਰੂਪ ਲਵੇਗੀ।
