ਸੀਵਰੇਜ ਦੇ ਪਾਣੀ ਕਾਰਨ ਨੋਇਡਾ ਨੂੰ 1 ਕਰੋੜ ਰੁਪਏ ਦਾ ਜੁਰਮਾਨਾ

06/27/2019 4:46:11 PM

ਨਵੀਂ ਦਿੱਲੀ— ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਨਾਲਿਆਂ 'ਚ ਸੁੱਟਣ ਕਰ ਕੇ ਨੋਇਡਾ ਅਥਾਰਿਟੀ ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਸੀ. ਪੀ. ਸੀ. ਬੀ. ਦੀ ਰਿਪੋਰਟ ਮੁਤਾਬਕ ਨੋਇਡਾ ਵਿਚ 52 ਮਿਲੀਅਨ ਲੀਟਰ ਰੋਜ਼ਾਨਾ ਸੀਵਰੇਜ ਦੇ ਪਾਣੀ ਨੂੰ ਨਾਲਿਆਂ 'ਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਸੀ. ਪੀ. ਸੀ. ਬੀ. ਨੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਨਿਰਦੇਸ਼ਾਂ 'ਤੇ ਕੀਤੇ ਗਏ ਨਿਰੀਖਣ ਦੌਰਾਨ ਅਜਿਹਾ ਕਦਮ ਚੁੱਕਿਆ ਹੈ। ਦਰਅਸਲ ਇਹ ਨਿਰਦੇਸ਼ ਨੋਇਡਾ ਦੇ ਸੈਕਟਰ-137 ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ ਗੁਪਤਾ ਵਲੋਂ ਦਾਇਰ ਪਟੀਸ਼ਨ ਦੇ ਜਵਾਬ ਵਜੋਂ ਦਿੱਤਾ ਗਿਆ।

ਐੱਨ. ਜੀ. ਟੀ. 'ਚ ਅਭਿਸ਼ੇਕ ਨੇ ਇਹ ਪਟੀਸ਼ਨ ਨਵੰਬਰ 2018 'ਚ ਦਾਇਰ ਕੀਤੀ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਅਥਾਰਿਟੀ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਸੀ ਕਿ ਕੂੜਾ ਅਤੇ ਸੀਵਰੇਜ ਦੇ ਪਾਣੀ ਨੂੰ ਨਾਲਿਆਂ 'ਚ ਸੁੱਟਿਆ ਜਾਂਦਾ ਹੈ, ਜੋ ਕਿ ਗੰਦਗੀ ਨਾਲ ਭਰੀ ਹੋਈ ਹੈ ਅਤੇ ਸਾਡੇ ਖੇਤਰ ਵਿਚੋਂ ਹੋ ਕੇ ਲੰਘਦੀ ਹੈ। ਓਧਰ ਨੋਇਡਾ ਅਥਾਰਿਟੀ ਨੇ ਐੱਨ. ਜੀ. ਟੀ. ਨੂੰ ਝੂਠ ਬੋਲਿਆ ਅਤੇ ਦਾਅਵਾ ਕੀਤਾ ਕਿ ਸਾਰੇ ਸੀਵਰੇਜ ਦੇ ਪਾਣੀ ਅਤੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਦਾ ਹੈ। ਹਾਲਾਂਕਿ ਪੂਰਬੀ ਦਿੱਲੀ ਨਗਰ ਨਿਗਮ ਵਿਰੁੱਧ ਕੋਈ ਜੁਰਮਾਨਾ ਨਹੀਂ ਲਾਇਆ ਗਿਆ, ਜੋ ਕਿ ਪਾਣੀ ਪ੍ਰਦੂਸ਼ਣ ਲਈ ਵੀ ਜ਼ਿੰਮੇਵਾਰ ਹੈ ਕਿਉਂਕਿ ਨਾਲੇ ਉੱਥੋਂ ਨਿਕਲਦੇ ਹਨ। ਗੁਪਤਾ ਨੇ ਕਿਹਾ ਕਿ ਮੈਂ ਐੱਨ. ਜੀ. ਟੀ. ਤੋਂ ਪੂਰਬੀ ਦਿੱਲੀ ਨਗਰ ਨਿਗਮ ਨੂੰ ਵੀ ਜੁਰਮਾਨਾ ਲਾਉਣ ਦੀ ਬੇਨਤੀ ਕਰਾਂਗਾ।

ਐੱਨ. ਜੀ. ਟੀ. ਨੇ 2 ਫਰਵਰੀ, 2019 ਨੂੰ ਆਪਣੇ ਆਦੇਸ਼ ਵਿਚ ਸਾਂਝੀ ਬੈਠਕ ਦੌਰਾਨ ਸੀ. ਪੀ. ਸੀ. ਬੀ, ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ, ਯੂ. ਪੀ. ਪ੍ਰਦੂਸ਼ਣ ਕੰਟਰੋਲ ਬੋਰਡ, ਦਿੱਲੀ ਜਲ ਬੋਰਡ, ਪੂਰਬੀ ਦਿੱਲੀ ਨਗਰ ਨਿਗਮ (ਈ. ਡੀ. ਐੱਮ. ਸੀ.) ਅਤੇ ਨੋਇਡਾ ਅਥਾਰਿਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਨਾਲਿਆਂ ਦਾ ਨਿਰੀਖਣ ਕਰੇ। ਇਸ ਤੋਂ ਬਾਅਦ ਏਜੰਸੀਆਂ ਨੇ ਇਸ ਸਾਲ 20 ਮਾਰਚ ਨੂੰ ਇਕ ਬੈਠਕ ਕੀਤੀ ਅਤੇ 2 ਅਪ੍ਰੈਲ ਨੂੰ ਸ਼ਹਿਰ ਦੇ ਪ੍ਰਮੁੱਖ ਨਾਲਿਆਂ ਦਾ ਨਿਰੀਖਣ ਕੀਤਾ। 18 ਅਪ੍ਰੈਲ ਨੂੰ ਸਾਰਿਆਂ ਨੇ ਆਪਣੀ ਰਿਪੋਰਟ ਐੱਨ. ਜੀ. ਟੀ. ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਟੀਮ ਨੇ 4 ਪ੍ਰਮੁੱਖ ਨਾਲਿਆਂ ਦਾ ਨਿਰੀਖਣ ਕੀਤਾ ਅਤੇ ਸੀਵਰੇਜ ਤੇ ਕੂੜੇ ਦੇ ਸਹੀ ਨਿਪਟਾਰੇ ਬਾਰੇ ਨੋਇਡਾ ਅਥਾਰਿਟੀ ਤੋਂ ਵੇਰਵਾ ਇਕੱਠਾ ਕੀਤਾ। ਨੋਇਡਾ ਅਥਾਰਿਟੀ ਸੀਵਰੇਜ ਦੇ ਪਾਣੀ ਅਤੇ ਕੂੜੇ ਦਾ ਨਿਪਟਾਰਾ ਕਰਨ 'ਚ ਅਸਫਲ ਰਹੀ। ਇਸ ਲਈ ਸੀ. ਪੀ. ਸੀ. ਬੀ. ਨੇ ਨੋਇਡਾ ਅਥਾਰਿਟੀ ਨੂੰ ਯੂ. ਪੀ. ਪੀ. ਸੀ. ਬੀ. ਦੇ ਖਾਤੇ ਵਿਚ ਜੁਰਮਾਨੇ ਦੇ ਰੂਪ ਵਿਚ 1 ਕਰੋੜ ਰੁਪਏ ਜਮਾਂ ਕਰਾਉਣ ਦਾ ਨਿਰੇਦਸ਼ ਦਿੱਤਾ। ਓਧਰ ਨੋਇਡਾ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਰਮਚਾਰੀਆਂ ਨੂੰ ਇਹ ਯਕੀਨੀ ਕਰਨ ਲਈ ਪ੍ਰਭਾਵੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ ਕਿ ਸੀਵਰੇਜ ਦਾ ਪਾਣੀ ਅਤੇ ਕੂੜਾ ਨਾਲਿਆਂ 'ਚ ਨਾ ਸੁੱਟਿਆ ਜਾਵੇ।


Tanu

Content Editor

Related News