ਰੈਸਟੋਰੈਂਟ ’ਚ ਬਾਊਂਸਰਾਂ ਵਲੋਂ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪਤਨੀ ਦਾ ਰੋ-ਰੋ ਬੁਰਾ ਹਾਲ
Wednesday, Apr 27, 2022 - 11:38 AM (IST)
ਨੋਇਡਾ– ਨੋਇਡਾ ਦੇ ਸੈਕਟਰ-39 ਥਾਣਾ ਖੇਤਰ ਸਥਿਤ ਗਾਰਡਨ ਗੈਲਰੀਆ ਮਾਲ ਦੇ ਰੈਸਟੋਰੈਂਟ ’ਚ ਬਾਊਂਸਰਾਂ ਨੇ ਸੋਮਵਾਰ ਰਾਤ ਨੂੰ ਬ੍ਰਜੇਸ਼ ਰਾਏ ਨਾਂ ਦੇ 30 ਸਾਲਾ ਨੌਜਵਾਨ ਦਾ ਕੁੱਟ-ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੌਜਵਾਨ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਬਾਰ ’ਚ ਆਇਆ ਸੀ। ਪੁਲਸ ਨੇ ਮਾਮਲੇ ਵਿਚ ਮ੍ਰਿਤਕ ਦੀ ਸਹਿ-ਕਰਮਚਾਰੀ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕਰ ਕੇ 16 ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲਿਆ ਹੈ। ਉਥੇ ਹੀ ਬਾਰ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਦੇ ਆਧਾਰ ’ਤੇ ਪੁਲਸ ਨੇ 8 ਲੋਕਾਂ ਦੀ ਉਸ ’ਚੋਂ ਨਿਸ਼ਾਨਦੇਹੀ ਕੀਤੀ ਹੈ। ਜੋ ਸਿੱਧੇ ਤੌਰ ’ਤੇ ਵਿਵਾਦ ਵਿਚ ਸ਼ਾਮਲ ਸਨ, ਜਿਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਬਾਰ ਨੂੰ ਸੀਜ਼ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਬਾਰ ਦਾ ਮਾਲਕ ਲਵ ਢਿਗਾਰਾ ਵੀ ਫਰਾਰ ਹੈ।
ਇਹ ਵੀ ਪੜ੍ਹੋ: ਨਰਿੰਦਰ ਤੋਮਰ ਦਾ ਵੱਡਾ ਬਿਆਨ, ਕਿਹਾ- ਕਿਸਾਨ ਕਰਦੇ ਹਨ ਜ਼ਹਿਰੀਲੀ ਖੇਤੀ, ਖ਼ੁਦ ਨਹੀਂ ਖਾਂਦੇ
ਪੈਸਿਆਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਵਿਵਾਦ-
ਮੂਲ ਰੂਪ ਵਿਚ ਬਿਹਾਰ ਦੇ ਛਪਰਾ ਸਥਿਤ ਹਸਨਪੁਰਾ ਵਾਸੀ ਬ੍ਰਜੇਸ਼ ਰਾਏ ਸੋਮਵਾਰ ਰਾਤ ਨੂੰ ਆਪਣੇ 7 ਸਹਿ-ਕਰਮਚਾਰੀਆਂ ਦੇ ਨਾਲ ਪਾਰਟੀ ਕਰਨ ਸੈਕਟਰ-38 ਏ ਗਾਰਡਨ ਗੈਲਰੀਆ ਮਾਲ ਦੇ ‘ਦਿ ਲੋਸਟ ਲੈਮਨ’ ਨਾਂ ਦੇ ਬਾਰ ਵਿਚ ਆਏ ਸਨ। ਇਹ ਬਾਰ ਲਵ ਢਿਗਾਰਾ ਨਾਂ ਦੇ ਇਕ ਕਾਰੋਬਾਰੀ ਦਾ ਹੈ। ਇਥੇ ਪਾਰਟੀ ਕਰਨ ਤੋਂ ਬਾਅਦ ਕੁਝ ਨੌਜਵਾਨਾਂ ਅਤੇ ਰੈਸਟੋਰੈਂਟ ਦੇ ਕਰਮਚਾਰੀਆਂ ਵਿਚਾਲੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਮੌਜੂਦਾ ਬਾਊਂਸਰਾਂ ਨੇ ਬ੍ਰਜੇਸ਼ ਰਾਏ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬ੍ਰਜੇਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ-ਦਿੱਲੀ ਵਿਚਾਲੇ ਹੋਇਆ ‘ਨਾਲੇਜ ਸ਼ੇਅਰਿੰਗ ਐਗਰੀਮੈਂਟ’, CM ਕੇਜਰੀਵਾਲ ਤੇ ਮਾਨ ਨੇ ਕੀਤੇ ਦਸਤਖ਼ਤ
ਬ੍ਰਜੇਸ਼ ਦੇ ਹਨ ਦੋ ਬੱਚੇ, ਪਤਨੀ ਸਕੂਲ ’ਚ ਅਧਿਆਪਕਾ-
ਏ. ਡੀ. ਸੀ. ਪੀ. ਨੋਇਡਾ ਜ਼ੋਨ ਰਣਵਿਜੇ ਸਿੰਘ ਨੇ ਦੱਸਿਆ ਕਿ ਬ੍ਰਜੇਸ਼ ਦੀ ਸਹਿ-ਕਰਮਚਾਰੀ ਅੰਕਿਤਾ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਬ੍ਰਜੇਸ਼ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਪੂਜਾ ਅਤੇ 5 ਸਾਲ ਦਾ ਬੇਟਾ ਸਾਰਥਕ ਅਤੇ 3 ਸਾਲ ਦੀ ਬੇਟੀ ਭੂਵਿਕਾ ਹੈ। ਉਨ੍ਹਾਂ ਦੀ ਪਤਨੀ ਡੀ. ਪੀ. ਐੱਸ. ਸਕੂਲ ਵਿਚ ਅਧਿਅਪਕਾ ਹੈ। ਬ੍ਰਜੇਸ਼ ਨੋਇਡਾ ਦੀ ਇਲੈਕਟ੍ਰੋਨਿਕ ਰਿਕਸ਼ਾ ਦੀ ਬੈਟਰੀ ਬਣਾਉਣ ਵਾਲੀ ਕੰਪਨੀ ’ਚ ਕੰਮ ਕਰਦੇ ਸਨ।
ਇਹ ਵੀ ਪੜ੍ਹੋ- ਕਲਯੁੱਗੀ ਪਿਓ ਦੀ ਕਰਤੂਤ, ਮਾਸੂਮ ਪੁੱਤ-ਧੀ ਨੂੰ ਖੂਹ 'ਚ ਸੁੱਟਿਆ, ਪਤਾ ਚੱਲਦਿਆਂ ਹੀ ਧਾਹਾਂ ਮਾਰ-ਮਾਰ ਰੋਣ ਲੱਗੀ ਮਾਂ
ਪਤਨੀ ਨੇ ਲਾਏ ਗੰਭੀਰ ਦੋਸ਼-
ਬ੍ਰਜੇਸ਼ ਰਾਏ ਦੀ ਪਤਨੀ ਪੂਜਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ ਪੁਲਸ ਅਤੇ ਰੈਸਟੋਰੈਂਟ ਕਰਮੀਆਂ ’ਤੇ ਗੰਭੀਰ ਦੋਸ਼ ਲਾਏ ਹਨ। ਪੂਜਾ ਨੇ ਕਿਹਾ ਕਿ ਇਸ ਕਤਲਕਾਂਡ ’ਚ ਬ੍ਰਜੇਸ਼ ਦੇ ਦੋਸਤ, ਬਾਰ ਦੇ ਮਾਲਕ, ਕਰਮੀ ਸਾਰੇ ਸ਼ਾਮਲ ਹਨ। ਉਨ੍ਹਾਂ ਦੋਸਤਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ। ਪਤਨੀ ਨੇ ਅੱਗੇ ਕਿਹਾ ਕਿ ਕਿਸੇ ਨੇ ਵੀ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਆਪਣੇ ਪਤੀ ਦੀ ਭਾਲ ਕਰਦੇ ਹੋਏ ਖੁਦ ਹਸਪਤਾਲ ਪਹੁੰਚੀ। ਪੁਲਸ ਦੇ ਨਾਲ-ਨਾਲ ਬ੍ਰਜੇਸ਼ ਰਾਏ ਦੇ ਦੋਸਤਾਂ ਨੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਸ ਦੇ ਚੱਕਰ ’ਚ ਦੋਸਤ ਵੀ ਉਨ੍ਹਾਂ ਨੂੰ ਹਸਪਤਾਲ ਲੈ ਕੇ ਨਹੀਂ ਪਹੁੰਚੇ, ਜਿਸ ਕਾਰਨ ਉਨ੍ਹਾਂ ਨੂੰ ਸਮੇਂ ਰਹਿੰਦੇ ਇਲਾਜ ਨਹੀਂ ਮਿਲ ਸਕਿਆ। ਰਾਤ 11 ਵਜੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਪਰ ਮੈਨੂੰ ਤੜਕੇ 3 ਵਜੇ ਪਤਾ ਲੱਗਾ ਸੀ।
ਇਹ ਵੀ ਪੜ੍ਹੋ- ਵਿਆਹ ਬਣਿਆ ਮਿਸਾਲ; ਲਾੜੇ ਨੇ ਦਾਜ ’ਚ ਲਿਆ ਸਿਰਫ ਇਕ ਰੁਪਇਆ