ਅਧਿਆਪਕ ਨੇ ਬੇਰਹਿਮੀ ਨਾਲ ਕੀਤੀ ਵਿਦਿਆਰਥੀ ਦੀ ਕੁੱਟਮਾਰ, ਫਟਿਆ ਕੰਨ ਦਾ ਪਰਦਾ
Saturday, Apr 22, 2023 - 05:45 PM (IST)

ਨੋਇਡਾ- ਅਕਸਰ ਸਕੂਲਾਂ 'ਚ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਨੋਇਡਾ ਦੇ ਬਿਸਰਖ ਥਾਣਾ ਖੇਤਰ 'ਚ ਸਾਹਮਣੇ ਆਇਆ ਹੈ, ਜਿੱਥੇ ਇਕ 14 ਸਾਲਾ ਵਿਦਿਆਰਥੀ ਨੂੰ ਉਸ ਦੇ ਸਕੂਲ ਅਧਿਆਪਕ ਨੇ ਇੰਨਾ ਕੁੱਟਿਆ ਕਿ ਉਸ ਦੇ ਕੰਨ ਦਾ ਪਰਦਾ ਫਟ ਗਿਆ। ਥਾਣੇ ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਸਿੰਘ ਨੇ ਦੱਸਿਆ ਕਿ ਸ਼ੰਕਰ ਦਿਆਲ ਗੁਪਤਾ ਨੇ ਅੱਜ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦਾ 14 ਸਾਲਾ ਪੁੱਤਰ ਆਯੂਸ਼ ਚਿਪਿਆਨਾ ਬੁਜ਼ੁਰਗ ਦੇ ਪੰਚਸ਼ੀਲ ਕਾਲੋਨੀ ਸਥਿਤ ਇੰਡੀਅਨ ਚਿਲਡਰਨ ਅਕੈਡਮੀ 'ਚ 10ਵੀਂ ਜਮਾਤ ਦਾ ਵਿਦਿਆਰਥੀ ਹੈ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 19 ਅਪ੍ਰੈਲ ਨੂੰ ਉਸ ਦਾ ਬੱਚਾ ਆਯੂਸ਼ ਕਲਾਸ 'ਚੋਂ ਪਾਣੀ ਪੀਣ ਗਿਆ ਸੀ, ਉਸੇ ਸਮੇਂ ਅੰਗਰੇਜ਼ੀ ਦੇ ਅਧਿਆਪਕ ਕਮਲੇਸ਼ ਝਾਅ ਵਲੋਂ ਉਸ ਦੇ ਬੱਚੇ ਨੂੰ ਪਾਣੀ ਪੀਂਦੇ ਸਮੇਂ ਕੰਨ ਅਤੇ ਵਾਲ ਫੜ ਕੇ ਕੁੱਟਿਆ ਗਿਆ। ਪੁਲਸ ਮੁਤਾਬਕ ਬੱਚੇ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਕੰਨ ਦਾ ਪਰਦਾ ਫਟ ਗਿਆ ਹੈ।
ਸਿੰਘ ਨੇ ਦੱਸਿਆ ਕਿ ਜਦੋਂ ਗੁਪਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਸਕੂਲ ਦੇ ਪ੍ਰਬੰਧਕ ਮੁਕੇਸ਼ ਸ਼ਰਮਾ ਨੂੰ ਕੀਤੀ ਤਾਂ ਉਨ੍ਹਾਂ ਨੇ ਵੀ ਉਸ ਨਾਲ ਗਾਲੀ-ਗਲੋਚ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨੂੰ ਦੌੜਾ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਪੁਲਸ ਨੇ ਅਧਿਆਪਕ ਕਮਲੇਸ਼ ਝਾਅ ਅਤੇ ਸਕੂਲ ਪ੍ਰਬੰਧਕ ਮੁਕੇਸ਼ ਸ਼ਰਮਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।