ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ ਕੁਮਾਰ

Thursday, Aug 06, 2026 - 11:21 PM (IST)

ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ ਕੁਮਾਰ

ਜਲੰਧਰ/ਪਾਲਮਪੁਰ (ਰਾਹੁਲ) - ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਸ ਨੂੰ ਪ੍ਰਾਪਤ ਕਰਨ ਲਈ ਹਜ਼ਾਰਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਪ੍ਰਾਪਤ ਹੋਇਆ ਲੋਕਤੰਤਰ ਹੁਣ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ। ਸੰਸਦ ਵਿਚ ਚਰਚਾ ਬਹੁਤ ਘੱਟ ਅਤੇ ਹੰਗਾਮਾ ਬਹੁਤ ਜ਼ਿਆਦਾ ਹੋ ਰਿਹਾ ਹੈ। ਕਈ ਵਾਰ ਸੰਸਦ ਦਾ ਪੂਰਾ ਸੈਸ਼ਨ ਬਿਨਾਂ ਚਰਚਾ ਦੇ ਹੀ ਬੀਤ ਜਾਂਦਾ ਹੈ। ਕਈ ਮਹੱਤਵਪੂਰਨ ਬਿੱਲ ਬਿਨਾਂ ਚਰਚਾ ਦੇ ਹੀ ਪਾਸ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਬਦਕਿਸਮਤੀ ਹੈ ਕਿ ਗੁਲਾਮ ਭਾਰਤ ਦੀ ਸਿਆਸਤ ਦੇਸ਼ ਲਈ ਸੀ। ਭਗਤ ਸਿੰਘ ਵਰਗੇ ਅਨੇਕ ਦੇਸ਼ ਭਗਤ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ’ਤੇ ਝੂਲ ਗਏ ਸਨ ਪਰ ਆਜ਼ਾਦ ਭਾਰਤ ਦੀ ਸਿਆਸਤ ਸਿਰਫ ਕੁਰਸੀ ਅਤੇ ਸਵਾਰਥ ਲਈ ਹੁੰਦੀ ਜਾ ਰਹੀ ਹੈ।

ਸ਼ਾਂਤਾ ਕੁਮਾਰ ਨੇ ਕਿਹਾ ਕਿ ਸੰਸਦ ’ਤੇ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ। ਜਦੋਂ ਸੰਸਦ ਵਿਚ ਕੋਈ ਕੰਮ ਨਹੀਂ ਹੁੰਦਾ, ਸਿਰਫ ਨਾਅਰੇਬਾਜ਼ੀ, ਰੌਲਾ-ਰੱਪਾ ਅਤੇ ਹੰਗਾਮਾ ਹੁੰਦਾ ਹੈ, ਉਦੋਂ ਵੀ ਸੰਸਦ ਮੈਂਬਰ ਲੱਖਾਂ-ਕਰੋੜਾਂ ਰੁਪਏ ਤਨਖਾਹ ਅਤੇ ਭੱਤਿਆਂ ਦੇ ਰੂਪ ਵਿਚ ਲੈਂਦੇ ਹਨ। ਸੰਸਦ ਚਰਚਾ ਲਈ ਹੈ ਅਤੇ ਤਨਖਾਹ ਤੇ ਭੱਤੇ ਕੰਮ ਕਰਨ ਲਈ ਹਨ। ਉਨ੍ਹਾਂ ਮੰਗ ਕੀਤੀ ਕਿ ਸੰਸਦ ਵਿਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ। ਜਿਹੜੇ ਸੰਸਦ ਮੈਂਬਰਾਂ ਕਾਰਨ ਕੰਮ ਨਹੀਂ ਹੁੰਦਾ ਅਤੇ ਹੰਗਾਮਾ ਹੁੰਦਾ ਹੈ, ਉਨ੍ਹਾਂ ਨੂੰ ਉਸ ਸਮੇਂ ਦੀ ਤਨਖਾਹ ਅਤੇ ਭੱਤਾ ਨਹੀਂ ਮਿਲਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸੰਸਦ ਸਿਰਫ 2 ਮੌਕਿਆਂ ’ਤੇ ਸ਼ਾਂਤ ਰਹਿੰਦੀ ਹੈ। ਕਿਸੇ ਵੱਡੇ ਆਗੂ ਦੇ ਦਿਹਾਂਤ ’ਤੇ ਸ਼ੋਕ ਮਤੇ ਦੇ ਸਮੇਂ ਕੋਈ ਰੌਲਾ ਨਹੀਂ ਹੁੰਦਾ। ਕਦੇ-ਕਦੇ ਜਦੋਂ ਸਾਰੇ ਸੰਸਦ ਮੈਂਬਰਾਂ ਦੀਆਂ ਤਨਖਾਹਾਂ-ਭੱਤੇ ਵਧਾਉਣ ਦਾ ਬਿੱਲ ਆਉਂਦਾ ਹੈ, ਉਦੋਂ ਵੀ ਸੰਸਦ ਸ਼ਾਂਤ ਰਹਿੰਦੀ ਹੈ। ਇਹ 2 ਮੌਕੇ ਛੱਡ ਕੇ ਲੋਕ ਸਭਾ ਅਕਸਰ ‘ਰੌਲਾ ਸਭਾ’ ਬਣ ਜਾਂਦੀ ਹੈ। ਸ਼ਾਂਤਾ ਕੁਮਾਰ ਨੇ ਦੇਸ਼ ਦੇ ਸਾਰੇ ਆਗੂਆਂ ਨੂੰ ਲੋਕਤੰਤਰ ਦੇ ਇਸ ਵਧਦੇ ਨਿਘਾਰ ਨੂੰ ਰੋਕਣ ਦੀ ਅਪੀਲ ਕੀਤੀ।


author

Inder Prajapati

Content Editor

Related News