ਘਰਾਂ ''ਚ ਰਹਿਣ ਵਾਲੇ ਜਾਨਵਰਾਂ ਨਾਲ ਕੋਰੋਨਾ ਦਾ ਖਤਰਾ ਨਹੀਂ: ਪੇਟਾ
Tuesday, Apr 21, 2020 - 08:08 PM (IST)

ਮੁੰਬਈ: ਜਾਨਵਰਾਂ ਦੀ ਰੱਖਿਆ ਦੇ ਲਈ ਕੰਮ ਕਰਨ ਵਾਲੀ ਸੰਸਥਾ ਪੇਟਾ ਨੇ ਉਹਨਾਂ ਗੁੰਮਰਾਹ ਕਰਨ ਵਾਲੀਆਂ ਤੇ ਗਲਤ ਸੂਚਨਾਵਾਂ ਦੇ ਖਿਲਾਫ ਆਮ ਲੋਕਾਂ ਨੂੰ ਸੂਚੇਤ ਕੀਤਾ ਹੈ, ਜਿਹਨਾਂ ਵਿਚ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਨਾਲ ਰਹਿਣ ਵਾਲੇ ਕੁੱਤੇ, ਬਿੱਲੀਆਂ ਜਿਹੇ ਜਾਨਵਰਾਂ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਹੈ। ਇਸ ਨਾਲ ਇਹਨਾਂ ਜਾਨਵਰਾਂ ਦੇ ਪ੍ਰਤੀ ਨਫਰਤ ਵਧਣ ਦਾ ਖਦਸ਼ਾ ਹੈ ਤੇ ਉਹਨਾਂ ਦੇ ਤਿਆਗੇ ਜਾਣ ਦੀ ਸੰਭਾਵਨਾ ਵਧ ਗਈ ਹੈ।
ਪੇਟਾ ਇੰਡੀਆ ਦੇ ਸੀ.ਈ.ਓ. ਡਾ. ਮਣਿਲਾਲ ਵਲਿਆਤ ਨੇ ਇਕ ਪ੍ਰੈੱਸ ਨੋਟ ਜਾਰੀ ਕਰਕੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦਾ ਹਵਾਲਾ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਮੌਜੂਦਾ ਇਨਫੈਕਸ਼ਨ ਮਨੁੱਖ ਤੋਂ ਮਨੁੱਖ ਵਿਚ ਇਨਫੈਕਸ਼ਨ ਦਾ ਨਤੀਜਾ ਹੈ। ਅਜੇ ਤੱਕ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ ਕਿ ਮਨੁੱਖਾਂ ਦੇ ਨਾਲ ਰਹਿਣ ਵਾਲੇ ਇਹਨਾਂ ਜਾਨਵਰਾਂ ਨੇ ਇਸ ਬੀਮਾਰੀ ਨੂੰ ਫੈਲਾਇਆ ਹੈ। ਇਸ ਲਈ ਘਰਾਂ ਵਿਚ ਰਹਿਣ ਵਾਲੇ ਇਹਨਾਂ ਜਾਨਵਰਾਂ ਦੇ ਖਿਲਾਫ ਕੋਈ ਕਦਮ ਨਾ ਚੁੱਕਿਆ ਜਾਵੇ, ਜਿਸ ਨਾਲ ਉਹਨਾਂ ਦੀ ਸੁਰੱਖਿਆ ਖਤਰੇ ਵਿਚ ਪਵੇ।
ਇਸ ਸਬੰਧ ਵਿਚ ਸਰਕਾਰ ਦੀ ਸਲਾਹਕਾਰ ਬਾਡੀ ਭਾਰਤੀ ਪਸੂ ਕਲਿਆਣ ਬੋਰਡ ਨੇ ਸੰਸਦ ਮੈਂਬਰ ਮੋਨਿਕਾ ਗਾਂਧੀ ਦੀ ਚਿੱਠੀ ਦੇਸ਼ ਦੇ ਸਾਰੇ ਮੁੱਖ ਸਕੱਤਰਾਂ ਨੂੰ ਭੇਜੀ ਹੈ, ਜਿਸ ਵਿਚ ਗੁੰਮਰਾਹ ਕਰਨ ਵਾਲੇ ਡਰ ਦੇ ਕਾਰਣ ਜਾਨਵਰਾਂ ਨਾਲ ਦੁਰਵਿਵਹਾਰ ਜਾਂ ਉਹਨਾਂ ਦੇ ਖਿਲਾਫ ਕੋਈ ਦੁਖਦ ਕਦਮ ਚੁੱਕੇ ਜਾਣ ਤੋਂ ਰੋਕਣ ਲਈ ਕਿਹਾ ਹੈ।