ਆਪ'' ਨਾਲ ਗਠਜੋੜ ਦੀ ਕੋਈ ਸੰਭਾਵਨਾ ਨਹੀਂ, ਕਾਂਗਰਸ ਆਪਣੇ ਦਮ ''ਤੇ ਚੋਣ ਲੜੇਗੀ: ਕੁਮਾਰੀ ਸ਼ੈਲਜਾ

Saturday, Aug 24, 2024 - 01:12 PM (IST)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ  ਕੁਮਾਰੀ ਸ਼ੈਲਜਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਜ਼ਬੂਤ ਹੈ ਅਤੇ ਆਪਣੇ ਦਮ 'ਤੇ ਚੋਣਾਂ ਲੜੇਗੀ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਨ੍ਹਾਂ ਚੋਣਾਂ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਤੋਂ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸੈਲਜਾ ਦਾ ਇਹ ਵੀ ਕਹਿਣਾ ਸੀ ਕਿ ਕਾਂਗਰਸ ਜਿਨ੍ਹਾਂ ਸੂਬਿਆਂ ਵਿਚ ਵਿਰੋਧੀ ਧਿਰ ਵਿਚ ਹੁੰਦੀ ਹੈ, ਉੱਥੇ ਆਮ ਤੌਰ 'ਤੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਨਹੀਂ ਕਰਦੀ। ਦੱਸ ਦੇਈਏ ਕਿ ਹਰਿਆਣਾ ਵਿਚ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।

ਪਿਛਲੀ 13 ਅਗਸਤ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਸੀ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਬਾਰੇ ਕੋਈ ਚਰਚਾ ਨਹੀਂ ਹੈ, ਕਿਉਂਕਿ ਕਾਂਗਰਸ ਖ਼ੁਦ ਹੀ ਸਮਰੱਥ ਹੈ। ਇਸ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਬੀਤੀ 4 ਜੁਲਾਈ ਨੂੰ ਕਿਹਾ ਸੀ ਕਿ ਦਿੱਲੀ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਬਹੁਤੀ ਗੁੰਜਾਇਸ਼ ਨਹੀਂ ਹੈ। ਹਾਲਾਂਕਿ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰ 'ਇੰਡੀਆ' ਗਠਜੋੜ ਬਰਕਰਾਰ ਰਹੇਗਾ। ਲੋਕ ਸਭਾ ਚੋਣਾਂ ਵਿਚ ਦੋਹਾਂ ਪਾਰਟੀਆਂ ਨੇ ਦਿੱਲੀ ਅਤੇ ਹਰਿਆਣਾ ਵਿਚ ਮਿਲ ਕੇ ਚੋਣਾਂ ਲੜੀਆਂ ਸਨ ਪਰ ਪੰਜਾਬ ਵਿਚ ਦੋਵੇਂ ਪਾਰਟੀਆਂ ਵੱਖ-ਵੱਖ ਮੈਦਾਨ ਵਿਚ ਉਤਰੀਆਂ ਸਨ।

ਇਨੈਲੋ-ਬਸਪਾ ਅਤੇ ਜੇ. ਜੇ. ਪੀ. ਦੇ ਅਸਰ ਬਾਰੇ ਪੁੱਛੇ ਜਾਣ 'ਤੇ ਸੈਲਜਾ ਨੇ ਕਿਹਾ ਕਿ ਜੇ. ਜੇ. ਪੀ. ਆਪਣੀ ਜ਼ਮੀਨ ਗੁਆ ਚੁੱਕੀ ਹੈ, ਉਹ ਟੁੱਟ ਚੁੱਕੀ ਹੈ। ਪਿਛਲੀ ਵਾਰ ਉਨ੍ਹਾਂ ਦੇ ਜੋ ਵਿਧਾਇਕ ਜਿੱਤੇ ਸਨ, ਉਹ ਕਾਂਗਰਸ ਦੇ ਲੋਕ ਹੀ ਸਨ। ਬਸਪਾ ਵੀ ਆਪਣਾ ਆਧਾਰ ਗੁਆ ਚੁੱਕੀ ਹੈ। ਜਦੋਂ ਨਤੀਜਾ ਆਇਆ ਤਾਂ ਪਤਾ ਲੱਗੇਗਾ ਕਿ ਇਸ ਗਠਜੋੜ ਦਾ ਕੋਈ ਅਸਰ ਨਹੀਂ ਸੀ। ਇਸ ਸਵਾਲ 'ਤੇ ਕਿ ਕੀ ਕਾਂਗਰਸ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰੇਗੀ ਤਾਂ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਸਾਡੀ ਪਾਰਟੀ ਦਾ ਇਕ ਤਰੀਕਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਸਾਡੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਹੀਂ ਕਰਦੀ। ਜਦੋਂ ਪਾਰਟੀ ਵਿਰੋਧੀ ਧਿਰ ਵਿਚ ਹੁੰਦੀ ਹੈ ਤਾਂ ਆਮ ਤੌਰ 'ਤੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੁੰਦਾ ਹੈ।


Tanu

Content Editor

Related News