ਭਾਜਪਾ ਨੇ ''ਆਪ'' ਨੂੰ ''ਪ੍ਰੌਕਸੀ'' ਦੀ ਤਰ੍ਹਾਂ ਕੀਤਾ ਇਸਤੇਮਾਲ, ਹੁਣ ਮੁਖੌਟਾ ਉਤਰ ਗਿਆ : ਅਜੇ ਮਾਕਨ
Monday, Apr 27, 2026 - 04:25 PM (IST)
ਨਵੀਂ ਦਿੱਲੀ- ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਮ ਆਦਮੀ ਪਾਰਟੀ ਨੂੰ ਅਤੀਤ 'ਚ ਉਸ ਦੇ (ਕਾਂਗਰਸ) ਖ਼ਿਲਾਫ਼ 'ਪ੍ਰੌਕਸੀ' ਦੀ ਤਰ੍ਹਾਂ ਇਸਤੇਮਾਲ ਕੀਤਾ ਅਤੇ ਹੁਣ 'ਆਪ' ਅਤੇ ਅਰਵਿੰਦ ਕੇਜਰੀਵਾਲ ਦਾ ਮੁਖੌਟਾ ਉਤਰ ਚੁੱਕਾ ਹੈ। ਪਾਰਟੀ ਦੇ ਖਜ਼ਾਨਚੀ ਅਜੇ ਮਾਕਨ ਨੇ ਆਪਣੀ ਇਹ ਪੁਰਾਣੀ ਗੱਲ ਮੁੜ ਦੋਹਰਾਈ ਕਿ ਦਿੱਲੀ 'ਚ ਸਰਕਾਰ ਬਣਾਉਣ ਲਈ ਕਾਂਗਰਸ ਦਾ ਆਮ ਆਦਮੀ ਪਾਰਟੀ ਨੂੰ ਸਹਿਯੋਗ ਕਰਨਾ ਇਕ ਵੱਡੀ ਗਲਤੀ ਸੀ ਅਤੇ 2024 ਦੀਆਂ ਲੋਕ ਸਭਾ ਚੋਣਾਂ 'ਚ 'ਇੰਡੀਆ' ਗਠਜੋੜ ਦੇ ਸਹਿਯੋਗੀ ਦਲਾਂ ਦੇ ਦਬਾਅ 'ਚ 'ਆਪ' ਨਾਲ ਸੀਟਾਂ ਦਾ ਤਾਲਮੇਲ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਨੇ ਧਨਕੁਬੇਰਾਂ ਨੂੰ ਧਨ ਦੇ ਆਧਾਰ 'ਤੇ ਰਾਜ ਸਭਾ ਭੇਜਿਆ ਅਤੇ ਹੁਣ ਇਸ ਦਾ ਨਾਂ 'ਅਰਬਪਤੀ ਆਦਮੀ ਪਾਰਟੀ' ਹੋ ਜਾਣਾ ਚਾਹੀਦਾ।
ਮਾਕਨ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਦਾ ਉਦਾਹਰਣ ਦਿੰਦੇ ਹੋਏ ਕਿਹਾ,''ਆਪ ਅਜਿਹੀ ਪਾਰਟੀ ਹੈ, ਜਿਸ ਨੇ ਯੋਗ ਲੋਕਾਂ ਨੂੰ ਰਾਜ ਸਭਾ ਨਾ ਭੇਜ ਕੇ ਧਨਕੁਬੇਰਾਂ ਨੂੰ ਧਨ ਦੇ ਆਧਾਰ 'ਤੇ ਸੰਸਦ 'ਚ ਭੇਜਿਆ ਹੈ।'' ਕਾਂਗਰਸ ਆਗੂ ਨੇ ਕਿਹਾ,''ਮੈਂ ਆਪ ਛੱਡਣ ਵਾਲੇ 7 ਸੰਸਦ ਮੈਂਬਰਾਂ ਦੇ ਹਲਫਨਾਮੇ ਦੇਖੇ ਤਾਂ ਪਤਾ ਲੱਗਾ ਕਿ ਇਨ੍ਹਾਂ 'ਚੋਂ ਪ੍ਰਤੀ ਰਾਜ ਸਭਾ ਮੈਂਬਰ ਦੀ ਐਲਾਨ ਜਾਇਦਾਦ ਔਸਤਨ 818 ਕਰੋੜ 50 ਲੱਖ 35 ਹਜ਼ਾਰ 420 ਰੁਪਏ ਹੈ।'' ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਜ਼ਿਕਰ ਕਰਦੇ ਹੋਏ ਕਿਹਾ,''ਅਸੀਂ 21ਵੀਂ ਸਦੀ 'ਚ ਮਨਮੋਹਨ ਸਿੰਘ ਅਤੇ ਸ਼ੀਲਾ ਦੀਕਸ਼ਤ ਦੀ ਤਰ੍ਹਾਂ ਪ੍ਰਸ਼ਾਸਕ ਨਹੀਂ ਦੇਖੇ ਪਰ ਫਿਰ ਵੀ 'ਆਪ' ਅਤੇ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ, ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ। ਮਾਕਨ ਨੇ ਦਾਅਵਾ ਕੀਤਾ ਕਿ ਜਦੋਂ ਭਾਜਪਾ ਮਨਮੋਹਨ ਸਿੰਘ ਅਤੇ ਸ਼ੀਲਾ ਦੀਕਸ਼ਤ ਖ਼ਿਲਾਫ਼ ਕੁਝ ਨਹੀਂ ਕਰ ਪਾ ਰਹੀ ਸੀ ਤਾਂ ਉਸ ਨੇ 'ਆਪ' ਦੇ ਰੂਪ 'ਚ ਇਕ 'ਪ੍ਰੌਕਸੀ' ਨੂੰ ਅੱਗੇ ਵਧਾਇਆ।
LIVE: Congress party briefing by Shri @ajaymaken at AICC Office, New Delhi. https://t.co/yO3Jp7CiwJ
— Congress (@INCIndia) April 27, 2026
ਉਨ੍ਹਾਂ ਕਿਹਾ,''ਹੁਣ 'ਆਪ' ਉੱਥੇ ਹੀ ਚੋਣਾਂ ਲੜਦੀ ਹੈ, ਜਿੱਥੇ ਕਾਂਗਰਸ ਅਤੇ ਭਾਜਪਾ ਦਾ ਸਿੱਧਾ ਮੁਕਾਬਲਾ ਹੁੰਦਾ ਹੈ, ਜਿਸ ਨਾਲ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। 'ਆਪ' ਅਤੇ ਅਰਵਿੰਦ ਕੇਜਰੀਵਾਲ ਦੇ ਚਿਹਰੇ ਤੋਂ ਇਹ ਮੁਖੌਟਾ ਪੂਰੀ ਤਰ੍ਹਾਂ ਉਤਰ ਗਿਆ ਹੈ।'' ਉਨ੍ਹਾਂ ਦੋਸ਼ ਲਗਾਇਆ ਕਿ 'ਆਪ' ਦੇ ਨੇਤਾ 'ਦੇਸ਼ਧ੍ਰੋਹੀ' ਹਨ, ਕਿਉਂਕਿ ਇਸ ਪਾਰਟੀ ਨੂੰ ਵੱਖਵਾਦੀ ਤਾਕਤਾਂ ਰਾਹੀਂ ਵਿੱਤ ਪੋਸ਼ਣ ਹੋਇਆ ਸੀ। ਕਾਂਗਰਸ ਨੇਤਾ ਨੇ ਕਿਹਾ,''ਪੰਜਾਬ ਦੀਆਂ ਵੱਖਵਾਦੀ ਤਾਕਤਾਂ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਲੋਕਾਂ ਨੂੰ ਸੁਣਿਆ ਨਹੀਂ ਜਾਂਦਾ, ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ। ਅੱਜ ਭਾਜਪਾ ਨੇ ਠੀਕ ਉਹੀ ਕੀਤਾ ਹੈ, ਜੋ ਵੱਖਵਾਦੀ ਤਾਕਤਾਂ ਸਿੱਧ ਕਰਨਾ ਚਾਹੁੰਦੀ ਹਾਂ।'' ਉਨ੍ਹਾਂ ਇਹ ਵੀ ਕਿਹਾ,"2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ, ਭਾਜਪਾ ਨੂੰ 6.6 ਫੀਸਦੀ ਵੋਟਾਂ ਮਿਲੀਆਂ, ਭਾਵ ਉਨ੍ਹਾਂ ਕੋਲ 117 'ਚੋਂ ਸਿਰਫ਼ 2 ਵਿਧਾਇਕ ਸਨ। ਸਾਡੇ ਸੰਵਿਧਾਨ ਦੇ ਅਨੁਸਾਰ, ਰਾਜਾਂ ਦੇ ਵਿਧਾਇਕ ਰਾਜ ਸਭਾ ਲਈ ਆਪਣੇ ਪ੍ਰਤੀਨਿਧੀ ਚੁਣਦੇ ਹਨ। ਇਸ ਦਾ ਮਤਲਬ ਹੈ ਕਿ ਸੰਸਦ ਮੈਂਬਰ ਰਾਜ ਸਭਾ 'ਚ ਉਸੇ ਅਨੁਪਾਤ 'ਚ ਪਹੁੰਚਦੇ ਹਨ ਜਿਸ ਅਨੁਪਾਤ 'ਚ ਲੋਕ ਵੋਟ ਪਾਉਂਦੇ ਹਨ। ਅਜਿਹੇ ਰਾਜ 'ਚ, ਜਿੱਥੇ ਭਾਜਪਾ ਨੂੰ 6.6 ਫੀਸਦੀ ਵੋਟਾਂ ਮਿਲੀਆਂ, ਹੁਣ ਰਾਜ ਸਭਾ 'ਚ ਇਸ ਦੀ 85.7 ਫੀਸਦੀ ਪ੍ਰਤੀਨਿਧਤਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ 'ਚ ਸੱਤ 'ਚੋਂ 6 ਸੰਸਦ ਮੈਂਬਰ ਭਾਜਪਾ ਦੇ ਹਨ।" ਉਨ੍ਹਾਂ ਸਵਾਲ ਕੀਤਾ ਕਿ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਕਿਵੇਂ ਸਮਝਾਉਣਗੇ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
