ਸਰਕਾਰ-ਕਿਸਾਨਾਂ ਦੀ ਮੀਟਿੰਗ ਰਹੀ ਬੇਨਤੀਜਾ, 3 ਦਸੰਬਰ ਨੂੰ ਮੁੜ ਹੋਵੇਗੀ ਗੱਲਬਾਤ

12/01/2020 7:32:41 PM

ਨਵੀਂ ਦਿੱਲੀ - ਲੰਬੇ ਘਮਾਸਾਨ ਤੋਂ ਬਾਅਦ ਅੱਜ ਕਿਸਾਨ ਅਤੇ ਸਰਕਾਰ ਵਿਚਾਲੇ ਗੱਲਬਾਤ ਹੋਈ। ਦਿੱਲੀ ਦੇ ਵਿਗਿਆਨ ਭਵਨ 'ਚ ਕਿਸਾਨ ਸੰਗਠਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਕਰੀਬ 4 ਘੰਟੇ ਤੱਕ ਬੈਠਕ ਚੱਲੀ। ਹਾਲਾਂਕਿ ਇਹ ਗੱਲਬਾਤ ਬੇਨਤੀਜਾ ਰਹੀ। 3 ਦਸੰਬਰ ਨੂੰ ਇੱਕ ਵਾਰ ਫਿਰ ਕਿਸਾਨ ਸੰਗਠਨਾਂ ਅਤੇ ਕੇਂਦਰ ਸਰਕਾਰ  ਵਿਚਾਲੇ ਬੈਠਕ ਹੋਵੇਗੀ।

ਅੱਜ ਦੀ ਬੈਠਕ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵਧੀਆ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਵਧੀਆ ਰਿਹਾ। ਅਸੀਂ 3 ਦਸੰਬਰ ਨੂੰ ਫਿਰ ਗੱਲਬਾਤ ਕਰਨ ਦਾ ਫੈਸਲਾ ਲਿਆ ਹੈ। ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਛੋਟੇ ਸੰਗਠਨ ਬਣਨ ਪਰ ਕਿਸਾਨ ਨੇਤਾ ਦੀ ਮੰਗ ਹੈ ਕਿ ਹਰ ਕਿਸਾਨ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਨੂੰ ਹਰੇਕ ਕਿਸਾਨ ਨਾਲ ਗੱਲ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ। ਨਰਿੰਦਰ ਸਿੰਘ ਤੋਮਰ ਨੇ ਨਾਲ ਹੀ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਮੰਗ ਕੀਤੀ। ਉਥੇ ਹੀ, ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।

ਸਰਕਾਰ ਨਾਲ ਗੱਲਬਾਤ ਦਾ ਹਿੱਸਾ ਰਹੇ ਕਿਸਾਨ ਨੇਤਾ ਚੰਦਾ ਸਿੰਘ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸਾਡਾ ਅੰਦੋਲਨ ਜਾਰੀ ਰਹੇਗਾ। ਅਸੀਂ ਸਰਕਾਰ ਤੋਂ ਕੁੱਝ ਤਾਂ ਜ਼ਰੂਰ ਵਾਪਸ ਲਿਆਂਗੇ, ਚਾਹੇ ਉਹ ਬੁਲੇਟ ਹੋਵੇ ਜਾਂ ਸ਼ਾਂਤੀਪੂਰਨ ਹੱਲ। ਉਨ੍ਹਾਂ ਕਿਹਾ ਕਿ ਅਸੀਂ ਗੱਲਬਾਤ ਲਈ ਫਿਰ ਆਵਾਂਗੇ। ਉਥੇ ਹੀ, ਆਲ ਇੰਡੀਆ ਫਾਰਮਰਜ਼ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਨੇ ਕਿਹਾ ਕਿ ਅੱਜ ਦੀ ਬੈਠਕ ਚੰਗੀ ਰਹੀ। ਸਰਕਾਰ ਨਾਲ 3 ਦਸੰਬਰ ਨੂੰ ਅਗਲੀ ਬੈਠਕ ਦੌਰਾਨ, ਅਸੀਂ ਉਨ੍ਹਾਂ ਨੂੰ ਸਮਝਾਵਾਂਗੇ ਕਿ ਖੇਤੀਬਾੜੀ ਕਾਨੂੰਨ ਦਾ ਕੋਈ ਵੀ ਕਿਸਾਨ ਸਮਰਥਨ ਨਹੀਂ ਕਰਦਾ ਹੈ। ਸਾਡਾ ਅੰਦੋਲਨ ਜਾਰੀ ਰਹੇਗਾ।


Inder Prajapati

Content Editor

Related News