ICMR ਪ੍ਰਮੁੱਖ ਦਾ ਦਾਅਵਾ- ਪਲਾਜ਼ਮਾ ਥੈਰੇਪੀ ਨਾਲ ਘੱਟ ਨਹੀਂ ਕੀਤੀ ਜਾ ਸਕਦੀ ਕੋਰੋਨਾ ਦੀ ਮੌਤ ਦਰ
Wednesday, Oct 07, 2020 - 02:53 AM (IST)
ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 67 ਲੱਖ ਦੇ ਪਾਰ ਪਹੁੰਚ ਗਈ ਹੈ। ਇਸ ਦੇ ਨਾਲ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ। ਕੋਰੋਨਾ ਵਾਇਰਸ ਦਾ ਇਲਾਜ ਅਜੇ ਤੱਕ ਮੈਡੀਕਲ ਸਾਇੰਸ ਦੇ ਕੋਲ ਨਹੀਂ ਹੈ। ਇਸ 'ਚ ਕਿਹਾ ਜਾ ਰਿਹਾ ਸੀ ਕਿ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਹੁਣ ਇਸ ਸਿਧਾਂਤ ਨੂੰ ਵੀ ICMR ਨੇ ਗਲਤ ਦੱਸਿਆ ਹੈ।
ICMR ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਮੁਤਾਬਕ ਇੱਕ ਅਧਿਐਨ 'ਚ ਇਹ ਸਾਫ਼ ਹੋਇਆ ਹੈ ਕਿ ਕੋਰੋਨਾ ਦੀ ਮੌਤ ਦਰ ਨੂੰ ਰੋਕਣ 'ਚ ਪਲਾਜ਼ਮਾ ਥੈਰੇਪੀ ਦਾ ਕੋਈ ਲਾਭ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਇੱਕ ਹਾਰਸ ਸੀਰਮ (ਐਂਟੀਸੇਰਾ) ਤਿਆਰ ਕੀਤਾ ਹੈ, ਜਿਸ ਦੇ ਟ੍ਰਾਇਲ ਦੀ ਮਨਜ਼ੂਰੀ ਮਿਲ ਗਈ ਹੈ। ਐਂਟੀਸੇਰਾ ਇੱਕ ਤਰ੍ਹਾਂ ਦਾ ਬਲੱਡ ਸੀਰਮ ਹੈ, ਜਿਸ 'ਚ ਵਾਇਰਸ ਨਾਲ ਲੜਨ ਦੀ ਸਮਰੱਥਾ ਰੱਖਣ ਵਾਲੀ ਐਂਟੀਬਾਡੀ ਹੁੰਦੀ ਹੈ। ਇਹ ਟ੍ਰਾਇਲ ਸਫਲ ਹੋਣ 'ਤੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕੇਗਾ।
ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਸਿਹਤ ਮੰਤਰਾਲਾ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਭਾਰਤ 'ਚ ਰਿਕਵਰੀ ਰੇਟ 84 ਫ਼ੀਸਦੀ ਤੋਂ ਜ਼ਿਆਦਾ ਹੋ ਗਈ ਹੈ। ਇਸ ਰਿਕਵਰੀ ਰੇਟ ਦੀ ਵਜ੍ਹਾ ਨਾਲ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਘੱਟ ਬਣੀ ਹੋਈ ਹੈ। ਉਥੇ ਹੀ ਦੇਸ਼ 'ਚ ਸਰਗਰਮ ਮਾਮਲਿਆਂ 'ਚ 77% ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਉੱਤਰ ਪ੍ਰਦੇਸ਼ ਸਮੇਤ 10 ਸੂਬਿਆਂ ਤੋਂ ਹਨ। ਇਸ ਦੇ ਨਾਲ ਹੀ ਹੁਣ ਰੋਜਾਨਾ ਦੇ ਪਾਜ਼ੇਟਿਵਿਟੀ ਰੇਟ 'ਚ ਵੀ ਕਮੀ ਆਈ ਹੈ। ਭੂਸ਼ਣ ਮੁਤਾਬਕ ਮਹਾਰਾਸ਼ਟਰ 'ਚ ਕੋਵਿਡ-19 ਦੇ ਟ੍ਰੇਂਡ 'ਤੇ ਕੁਮੈਂਟ ਕਰਨਾ ਜਲਦਬਾਜ਼ੀ ਹੋਵੇਗੀ, ਕਿਉਂਕਿ ਜਾਂਚ ਲਈ ਅਜੇ ਉਨ੍ਹਾਂ ਨੂੰ ਹੋਰ ਜ਼ਿਆਦਾ ਸਮਾਂ ਚਾਹੀਦਾ ਹੈ।