ਕੇਂਦਰ ’ਚ ਸੱਤਾ ’ਚ ਆਏ ਤਾਂ ਪੱਛੜੇ ਸੂਬਿਆਂ ਨੂੰ ਦੇਵਾਂਗੇ ਵਿਸ਼ੇਸ਼ ਦਰਜਾ : ਨਿਤੀਸ਼
Friday, Sep 16, 2022 - 03:16 PM (IST)
ਪਟਨਾ (ਭਾਸ਼ਾ)– ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਵਿਚ ਸੱਤਾ ਵਿਚ ਆਉਣ ’ਤੇ ਬਿਹਾਰ ਸਮੇਤ ਸਾਰੇ ਪੱਛੜੇ ਸੂਬਿਆਂ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਜਾਵੇਗਾ। ਜਨਤਾ ਦਲ ਯੂਨਾਈਟਿਡ (ਜਦ-ਯੂ) ਦੇ ਸੀਨੀਅਰ ਨੇਤਾ ਨਿਤੀਸ਼ ਨੇ ਪਟਨਾ ਵਿਚ ਇਕ ਸਮਾਰੋਹ ਤੋਂ ਇਲਾਵਾ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਇਹ ਟਿੱਪਣੀ ਕੀਤੀ।
ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਇਹ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਨਿਤੀਸ਼ ਨੇ ਹਾਲ ਹੀ ਵਿਚ ਭਾਜਪਾ ਨਾਲੋਂ ਨਾਤਾ ਤੋੜ ਕੇ ਰਾਸ਼ਟਰੀ ਜਨਤਾ ਦਲ (ਰਾਜਦ), ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਸਮੇਤ 7 ਪਾਰਟੀਆਂ ਦੇ ਮਹਾ ਗਠਜੋੜ ਦੇ ਨਾਲ ਬਿਹਾਰ ਵਿਚ ਸਰਕਾਰ ਬਣਾਈ ਸੀ।
ਕੁਮਾਰ ਨੇ ਕਿਹਾ ਕਿ ਉਹ ਬਿਹਾਰ ਨੂੰ ਸ਼ੁਰੂ ਤੋਂ ਹੀ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਕਰਦੇ ਰਹੇ ਹਨ। ਇਸ ਮੰਗ ਨੂੰ ਉਨ੍ਹਾਂ ਕਦੇ ਛੱਡਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਚਾਹ ਰਹੇ ਹਾਂ ਕਿ ਵਿਰੋਧੀ ਧਿਰ ਦੀਆਂ ਜ਼ਿਆਦਾ ਤੋਂ ਜ਼ਿਆਦਾ ਪਾਰਟੀਆਂ ਇਕਜੁੱਟ ਹੋ ਕੇ ਅਗਲੀਆਂ ਲੋਕ ਸਭਾ ਚੋਣਾਂ ਲੜੀਏ।