ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, BJP ਨਾਲੋਂ ਗਠਜੋੜ ਤੋੜਿਆ
Tuesday, Aug 09, 2022 - 04:21 PM (IST)
ਪਟਨਾ- ਬਿਹਾਰ ’ਚ ਸਿਆਸੀ ਸਰਗਰਮੀਆਂ ਤੇਜ਼ ਹੋਣ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਰਾਜਪਾਲ ਫਾਗੂ ਚੌਹਾਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਨੈਸ਼ਨਲ ਡੈਮੋਕ੍ਰਿਟਕ ਅਲਾਇੰਸ (ਐੱਨ.ਡੀ.ਏ.) ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਿਤੀਸ਼ ਆਪਣੀ ਪਾਰਟੀ ਜਨਤਾ ਦਲ (ਯੂ) ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ ਤੋਂ ਵੱਖ ਹੋਣ ਦਾ ਫੈਸਲਾ ਲੈਣ ਤੋਂ ਬਾਅਦ ਰਾਜਪਾਲ ਨੂੰ ਮਿਲਣ ਪਹੁੰਚੇ। ਨਿਤੀਸ਼ ਕੁਮਾਰ ਕਾਫਲੇ ਵਿਚ ਆਪਣੀ ਰਿਹਾਇਸ਼ ਤੋਂ ਰਵਾਨਾ ਹੋਏ ਅਤੇ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਦਾ ਸਵਾਗਤ ਕੀਤਾ, ਜੋ ਆਪਣੇ ਨੇਤਾ ਦੀ ਇਕ ਝਲਕ ਦੇਖਣ ਲਈ ਬਾਹਰ ਉਡੀਕ ਕਰ ਰਹੇ ਸਨ। ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਦੇ ਕਾਰਕੁਨ ਵੀ ਜਨਤਾ ਦਲ (ਯੂ) ਦੇ ਵਰਕਰਾਂ ਦੇ ਨਾਲ ‘ਨਿਤੀਸ਼ ਕੁਮਾਰ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਦੇਖੇ ਗਏ।
ਇਹ ਵੀ ਪੜ੍ਹੋ- ਬਿਹਾਰ ’ਚ BJP ਨੂੰ ਝਟਕਾ; ਨਿਤੀਸ਼ ਕੁਮਾਰ ਨੇ NDA ਨਾਲੋਂ ਤੋੜਿਆ ਗਠਜੋੜ
ਅਸਤੀਫ਼ਾ ਦੇਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਤੀਸ਼ ਨੇ ਕਿਹਾ ਹੈ ਕਿ ਉਨ੍ਹਾਂ ਨੇ NDA ਸਰਕਾਰ ’ਚ ਮਿਲੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੂੰ ਭਾਜਪਾ ਨਾਲ ਇਕ ਨਹੀਂ ਕਈ ਦਿੱਕਤਾਂ ਸਨ। ਉਨ੍ਹਾਂ ਦੇ ਨੇਤਾ ਬਾਅਦ ’ਚ ਵਿਸਥਾਰ ਨਾਲ ਸਭ ਕੁਝ ਦੱਸ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ 160 ਵਿਧਾਇਕਾਂ ਦਾ ਸਮਰਥਨ ਹੈ। ਨਿਤੀਸ਼ ਨੇ ਇਹ ਵੀ ਕਿਹਾ ਕਿ ਸਾਰੇ ਲੋਕਾਂ ਦੀ ਇੱਛਾ ਸੀ ਕਿ ਭਾਜਪਾ ਤੋਂ ਵੱਖ ਹੋ ਜਾਣਾ ਚਾਹੀਦਾ ਹੈ। ਇਹ ਫ਼ੈਸਲਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਸਹਿਮਤੀ ਮਗਰੋਂ ਲਿਆ ਗਿਆ।
ਇਹ ਵੀ ਪੜ੍ਹੋ- ਦਿੱਲੀ, ਪੰਜਾਬ ਮਗਰੋਂ ਹੁਣ ਗੋਆ ’ਚ ਵੀ ‘ਆਪ’ ਨੂੰ ਮਿਲਿਆ ਸੂਬਾ ਪਾਰਟੀ ਦਾ ਦਰਜਾ
ਜ਼ਿਕਰਯੋਗ ਹੈ ਕਿ ਕੁਮਾਰ 2017 'ਚ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਛੱਡ ਕੇ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) 'ਚ ਵਾਪਸ ਪਰਤੇ ਸਨ। ਭਾਜਪਾ ਨਾਲ ਤਿੰਨ ਵਾਰ ਸਰਕਾਰ ਬਣਾਉਣ ਵਾਲੇ ਨਿਤੀਸ਼ ਕੁਮਾਰ 2014 ਵਿਚ ਐਨ.ਡੀ.ਏ ਛੱਡ ਕੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੀ ਨਵੀਂ ਮਹਾਗਠਜੋੜ ਸਰਕਾਰ ਵਿਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ- ਔਰਤ ਨਾਲ ਬਦਸਲੂਕੀ ਕਰਨ ਦਾ ਮਾਮਲਾ; BJP ਆਗੂ ਤਿਆਗੀ ਦੇ ਨਿਵਾਸ ’ਤੇ ਚੱਲਿਆ ਬੁਲਡੋਜ਼ਰ
ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ 2020 ’ਚ 243 ਸੀਟਾਂ ’ਚੋਂ ਨਿਤੀਸ਼ ਦੀ ਪਾਰਟੀ JDU ਨੇ 45 ਸੀਟਾਂ ਹਾਸਲ ਕੀਤੀਆਂ ਸਨ। ਜਦਕਿ ਭਾਜਪਾ ਨੇ 77 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। JDU ਦੇ ਘੱਟ ਸੀਟਾਂ ਜਿੱਤਣ ਦੇ ਬਾਵਜੂਦ ਭਾਜਪਾ ਨੇ ਨਿਤੀਸ਼ ਨੂੰ ਮੁੱਖ ਮੰਤਰੀ ਬਣਾਇਆ ਸੀ ਅਤੇ ਪ੍ਰਦੇਸ਼ ਦੀ ਕਮਾਨ ਸੌਂਪੀ ਸੀ। ਉਦੋਂ ਤੋਂ ਹੀ ਦੋਹਾਂ ਦਲਾਂ ਵਿਚਾਲੇ ਅਣਬਣ ਚਲੀ ਆ ਰਹੀ ਸੀ। ਕਈ ਮੁੱਦਿਆਂ ’ਤੇ ਦੋਵੇਂ ਹੀ ਪਾਰਟੀ ਦੇ ਨੇਤਾ ਵੱਖ-ਵੱਖ ਬਿਆਨਬਾਜ਼ੀ ਕਰਦੇ ਦਿੱਸੇ। ਹੁਣ ਇਹ ਤੈਅ ਹੋ ਗਿਆ ਹੈ ਕਿ ਭਾਜਪਾ ਅਤੇ JDU ਦਾ ਗਠਜੋੜ ਟੁੱਟ ਗਿਆ ਹੈ।