ਵਿਰੋਧੀ ਪਾਰਟੀਆਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਉਣ ਵਾਲੇ ਨਿਤੀਸ਼ ਖੁਦ ਬਿਹਾਰ ਤਕ ਹੀ ਨਾ ਰਹਿ ਜਾਣ ਸੀਮਿਤ!

Wednesday, Jul 05, 2023 - 05:25 PM (IST)

ਵਿਰੋਧੀ ਪਾਰਟੀਆਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਉਣ ਵਾਲੇ ਨਿਤੀਸ਼ ਖੁਦ ਬਿਹਾਰ ਤਕ ਹੀ ਨਾ ਰਹਿ ਜਾਣ ਸੀਮਿਤ!

ਜਲੰਧਰ- ਮਹਾਰਾਸ਼ਟਰ ’ਚ ਹੋਈ ਸਿਆਸੀ ਚੁੱਕ-ਥੱਲ ਤੋਂ ਬਾਅਦ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਉਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਮਹਾਰਾਸ਼ਟਰ ਵਰਗੇ ਹਾਲਾਤ ਦੇ ਡਰ ਵਿਚਾਲੇ ਨਿਤੀਸ਼ ਕੁਮਾਰ ਜਿੱਥੇ ਲਗਾਤਾਰ ਆਪਣੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਵਿਧਾਨ ਪ੍ਰੀਸ਼ਦ ਦੇ ਮੈਬਰਾਂ ਨੂੰ ਨਿੱਜੀ ਤੌਰ ’ਤੇ ਮਿਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੂਬੇ ਵਿਚ ਅਧਿਆਪਕਾਂ ਦੀ ਭਰਤੀ ਦੇ ਨਿਯਮਾਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਬਿਹਾਰ ਦੇ ਬੇਰੋਜ਼ਗਾਰ ਨੌਜਵਾਨ ਸੜਕਾਂ ’ਤੇ ਉਤਰਨ ਨੂੰ ਉਤਾਰੂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਬਿਹਾਰ ਦੇ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਇਹੀ ਹਾਲਤ ਰਹੀ ਤਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਬਿਹਾਰ ’ਚੋਂ ਬਾਹਰ ਨਿਕਲ ਕੇ ਦੇਸ਼ ਦੀ ਵਿਰੋਧੀ ਧਿਰ ਨੂੰ ਇਕਜੁੱਟ ਕਰਨਾ ਮੁਸ਼ਕਲ ਹੋ ਜਾਵੇਗਾ।

ਕੀ ਹੈ ਅਧਿਆਪਕਾਂ ਦੀ ਭਰਤੀ ਦਾ ਮਾਮਲਾ?

ਬਿਹਾਰ ਸਰਕਾਰ ਨੂੰ ਮੌਜੂਦਾ ਸਮੇਂ ’ਚ ਅਧਿਆਪਕਾਂ ਦੀ ਭਰਤੀ ਸਬੰਧੀ ਅੰਦੋਲਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਸ਼ਨੀਵਾਰ ਨੂੰ ਵੀ ਬੇਰੋਜ਼ਗਾਰ ਨੌਜਵਾਨਾਂ ਨੇ ਸੜਕਾਂ ’ਤੇ ਵਿਖਾਵੇ ਕਰ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਪੂਤਲਾ ਫੂਕਿਆ ਸੀ। ਅਸਲ ’ਚ ਨਿਤੀਸ਼ ਸਰਕਾਰ ਨੇ ਹੋਰ ਸੂਬਿਆਂ ਦੇ ਟੀਚਰ ਐਲਿਜੀਬਿਲਿਟੀ ਟੈਸਟ (ਟੀ. ਈ. ਟੀ.) ਦੇ ਇੱਛੁਕ ਉਮੀਦਵਾਰਾਂ ਨੂੰ ਬਿਹਾਰ ਵਿਚ ਅਧਿਆਪਕਾਂ ਦੀ ਭਰਤੀ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ। ਸੂਬੇ ਵਿਚ ਪਹਿਲਾਂ 1.70 ਲੱਖ ਅਹੁਦੇ ਸਿਰਫ ਬਿਹਾਰ ਮੂਲ ਦੇ ਸੈਂਟਰਲ ਟੀਚਰ ਐਲਿਜੀਬਿਲਿਟੀ ਟੈਸਟ (ਸੀ. ਟੀ. ਈ. ਟੀ.) ਅਤੇ ਬਿਹਾਰ ਟੀਚਰ ਐਲਿਜੀਬਿਲਿਟੀ ਟੈਸਟ (ਬੀ. ਟੀ. ਈ. ਟੀ.) ਕੋਲ ਵਿਦਿਆਰਥੀਆਂ ਲਈ ਰੱਖੇ ਗਏ ਸਨ ਪਰ ਹੁਣ ਸੀ. ਟੀ. ਈ. ਟੀ. ਜਾਂ ਬੀ. ਟੀ. ਈ. ਟੀ. ਪਾਸ ਕਰਨ ਵਾਲੇ ਦੂਜੇ ਸੂਬਿਆਂ ਦੇ ਵਿਦਿਆਰਥੀ ਵੀ ਨੌਕਰੀ ਲਈ ਪਾਤਰ ਹੋ ਸਕਦੇ ਹਨ।

ਸਿੱਖਿਆ ਮੰਤਰੀ ਦੇ ਬਿਆਨ ਨਾਲ ਮਚਿਆ ਹੰਗਾਮਾ

ਨਿਤੀਸ਼ ਕੁਮਾਰ ਦਾ ਇਹ ਫ਼ੈਸਲਾ ਉਸ ਵੇਲੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਜਦੋਂ ਬਿਹਾਰ ਦੇ ਸਿੱਖਿਆ ਮੰਤਰੀ ਪ੍ਰੋਫੈਸਰ ਚੰਦਰਸ਼ੇਖਰ ਨੇ ਦਾਅਵਾ ਕੀਤਾ ਕਿ ਬਿਹਾਰ ਦੇ ਟੀ. ਈ. ਟੀ. ਉਮੀਦਵਾਰਾਂ ਨੂੰ ਹੋਰ ਸੂਬਿਆਂ ਦੀ ਤੁਲਨਾ ਵਿਚ ਗਣਿਤ, ਭੌਤਿਕੀ, ਰਸਾਇਣ ਵਿਗਿਆਨ ਤੇ ਅੰਗਰੇਜ਼ੀ ਦਾ ਘੱਟ ਗਿਆਨ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੂਬੇ ਵਿਚ ਗੁੱਸਾ ਫੈਲ ਗਿਆ ਅਤੇ ਸੂਬੇ ਦੇ ਟੀ. ਈ. ਟੀ. ਬਿਨੈਕਾਰ ਪਟਨਾ ਵਿਚ ਸੜਕਾਂ ’ਤੇ ਉੱਤਰ ਆਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਨੌਕਰੀ ਦੇ ਇੱਛੁਕ ਉਮੀਦਵਾਰਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੁੱਦੇ ’ਤੇ ਵਿਰੋਧੀ ਧਿਰ ਨੇ ਨਿਤੀਸ਼ ਸਰਕਾਰ ਨੂੰ ਜ਼ਬਰਦਸਤ ਢੰਗ ਨਾਲ ਘੇਰਨਾ ਸ਼ੁਰੂ ਕਰ ਦਿੱਤਾ ਹੈ।

20 ਲੱਖ ਨੌਕਰੀਆਂ ਦੇਣ ਦਾ ਕੀਤਾ ਹੈ ਵਾਅਦਾ

ਸ਼ਰਾਬਬੰਦੀ ਨੂੰ ਖਰਾਬ ਢੰਗ ਨਾਲ ਲਾਗੂ ਕਰਨ, ਸੈਂਡ ਮਾਈਨਿੰਗ ਅਤੇ ਅਪਰਾਧ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਨਿਤੀਸ਼ ਕੁਮਾਰ ਨੂੰ ਪਹਿਲਾਂ ਤੋਂ ਹੀ ਝਟਕਾ ਲੱਗ ਰਿਹਾ ਹੈ। ਡਿਪਟੀ ਸੀ. ਐੱਮ. ਤੇਜਸਵੀ ਯਾਦਵ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਲੋਕ ਪੁੱਛ ਰਹੇ ਹਨ ਕਿ ਉਹ ਨੌਕਰੀਆਂ ਬਿਹਾਰ ਦੇ ਵਿਦਿਆਰਥੀਆਂ ਲਈ ਹਨ ਜਾਂ ਦੂਜੇ ਸੂਬਿਆਂ ਲਈ? ਨਿਤੀਸ਼ ਕੁਮਾਰ ਨੇ ਪਿਛਲੇ ਸਾਲ ਪਟਨਾ ਵਿਚ ਅਜ਼ਾਦੀ ਦਿਹਾੜੇ ਦੇ ਆਪਣੇ ਭਾਸ਼ਣ ਦੌਰਾਨ 20 ਲੱਖ ਨੌਕਰੀਆਂ ਦਾ ਵੀ ਐਲਾਨ ਕੀਤਾ ਸੀ। ਹੁਣ ਬੇਰੋਜ਼ਗਾਰ ਨੌਜਵਾਨ ਪੁੱਛ ਰਹੇ ਹਨ ਕਿ ਕੀ ਉਹ ਵਾਅਦਾ ਬਿਹਾਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਸੀ ਜਾਂ ਹੋਰ ਸੂਬਿਆਂ ਦੇ?

ਨੌਕਰੀ ਘਪਲੇ ’ਚ ਤੇਜਸਵੀ ਖਿਲਾਫ ਚਾਰਜਸ਼ੀਟ ਦਾਖਲ

ਉੱਧਰ ਜ਼ਮੀਨ ਦੇ ਬਦਲੇ ਨੌਕਰੀ ਦਿੱਤੇ ਜਾਣ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਕੋਰਟ ਵਿਚ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ’ਤੇ ਭਾਜਪਾ ਦੇ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਤੇਜਸਵੀ ਯਾਦਵ ਨੂੰ ਡਿਪਟੀ ਸੀ. ਐੱਮ. ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਸਾਬਕਾ ਡਿਪਟੀ ਸੀ. ਐੱਮ. ਅਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਰੇਲਵੇ ਦੀ ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲੇ ਵਿਚ ਤੇਜਸਵੀ ਯਾਦਵ ਖਿਲਾਫ ਦੋਸ਼-ਪੱਤਰ ਦਾਖਲ ਹੋਣ ਤੋਂ ਬਾਅਦ ਨਿਤੀਸ਼ ਕੁਮਾਰ ਨੂੰ ਬਿਨਾਂ ਦੇਰ ਕੀਤੇ ਤੇਜਸਵੀ ਨੂੰ ਬਰਖਾਸਤ ਕਰਨਾ ਚਾਹੀਦਾ ਹੈ।

ਨਿਸ਼ਚਿਤ ਨਹੀਂ ਹੋ ਰਹੀ ਵਿਰੋਧੀ ਪਾਰਟੀਆਂ ਦੀ ਬੈਠਕ

ਮਹਾਰਾਸ਼ਟਰ ਵਿਚ ਬਦਲੇ ਸਮੀਕਰਨਾਂ ਕਾਰਨ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੀ ਹੋਣ ਵਾਲੀ ਬੈਠਕ ਵੀ ਹੁਣ ਠੰਡੇ ਬਸਤੇ ਵਿਚ ਪੈ ਗਈ ਹੈ। ਹਾਲਾਂਕਿ ਬੈਠਕ ਨਾ ਹੋਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ। ਇਹ ਬੈਠਕ ਪਹਿਲਾਂ ਸ਼ਿਮਲਾ ਵਿਚ ਹੋਣ ਵਾਲੀ ਸੀ, ਫਿਰ ਹੈਦਰਾਬਾਦ ਦੀ ਗੱਲ ਆਈ ਅਤੇ ਅਖੀਰ ਵਿਚ ਬੈਂਗਲੁਰੂ ਨੂੰ ਤੈਅ ਮੰਨਿਆ ਗਿਆ ਸੀ। ਹੁਣ ਇਸ ਬੈਠਕ ਦੀ ਤਰੀਕ ਵੀ 10-12 ਜੁਲਾਈ ਦੀ ਦੱਸੀ ਜਾਣ ਲੱਗੀ ਹੈ। ਹੁਣ ਜਾਣਕਾਰੀ ਇਹ ਆ ਰਹੀ ਹੈ ਕਿ ਕਰਨਾਟਕ ਤੇ ਬਿਹਾਰ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਹੀ ਬੈਠਕ ਦੀ ਤਰੀਕ ਤੈਅ ਕੀਤੀ ਜਾਵੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਬੈਠਕ ਇਸ ਲਈ ਨਿਸ਼ਚਿਤ ਨਹੀਂ ਹੋ ਰਹੀ ਕਿਉਂਕਿ ਹੁਣ ਵਿਰੋਧੀ ਪਾਰਟੀਆਂ ਮਹਾਰਾਸ਼ਟਰ ਵਰਗੇ ਘਟਨਾਚੱਕਰ ਨੂੰ ਲੈ ਕੇ ਸੁਚੇਤ ਹੋ ਗਈਆਂ ਹਨ ਅਤੇ ਆਪਣੇ ਕੁਨਬੇ ਨੂੰ ਬਚਾਉਣ ਵਿਚ ਜੁਟੀਆਂ ਹਨ। ਅਜਿਹੀ ਹਾਲਤ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਹੁਣ ਸੂਬੇ ਦੀਆਂ ਸਮੱਸਿਆਵਾਂ ਅਤੇ ਸਿਆਸੀ ਸਮੀਕਰਨਾਂ ਨਾਲ ਜੂਝਣਾ ਪੈ ਰਿਹਾ ਹੈ, ਜਿਸ ਕਾਰਨ ਉਹ ਫਿਲਹਾਲ ਬਿਹਾਰ ਤੋਂ ਬਾਹਰ ਨਿਕਲਣ ਦੀ ਹਾਲਤ ਵਿਚ ਨਹੀਂ ਹਨ।


author

DIsha

Content Editor

Related News