ਮਮਤਾ ਸਰਕਾਰ ਨੇ ਬੰਗਾਲ ਦੇ ਲੋਕਾਂ ਦੀ ਜ਼ਮੀਨ ਖੋਹ ਕੇ ਘੁਸਪੈਠੀਆਂ ਨੂੰ ਦਿੱਤੀ : ਨਿਤਿਨ ਨਬੀਨ
Wednesday, Apr 08, 2026 - 10:48 PM (IST)
ਅਲੀਪੁਰਦੁਆਰ (ਪੱਛਮੀ ਬੰਗਾਲ), (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨਿਤਿਨ ਨਬੀਨ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਮਮਤਾ ਬੈਨਰਜੀ ਸਰਕਾਰ ਨੇ ਪੱਛਮੀ ਬੰਗਾਲ ਦੇ ਲੋਕਾਂ ਦੀ ਜ਼ਮੀਨ ਖੋਹ ਕੇ ਘੁਸਪੈਠੀਆਂ ਨੂੰ ਦੇ ਦਿੱਤੀ, ਜਿਸ ਨਾਲ ਸੂਬੇ ਦੀ ਆਬਾਦੀ ਬਦਲ ਗਈ। ਉੱਤਰ ਬੰਗਾਲ ਦੇ ਅਲੀਪੁਰਦੁਆਰ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੰਗਾਲ ’ਚ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਬਣਨ ’ਤੇ, ਉਹ ਆਬਾਦੀ ਸਬੰਧੀ ਤਬਦੀਲੀਆਂ ਨੂੰ ਠੀਕ ਕਰੇਗੀ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਸੂਬੇ ’ਚੋਂ ਬਾਹਰ ਕੱਢ ਦੇਵੇਗੀ।
ਨਿਤਿਨ ਨਬੀਨ ਨੇ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਦੀ ਤੁਸ਼ਟੀਕਰਨ ਦੀ ਰਾਜਨੀਤੀ ਅਤੇ ਅਰਾਜਕਤਾ ਕਾਰਨ ਬੰਗਾਲ ਦੇ ਨਿਵਾਸੀ ਸੂਬਾ ਛੱਡਣ ਲਈ ‘ਮਜਬੂਰ’ ਹੋ ਰਹੇ ਹਨ। ਉਨ੍ਹਾਂ ਨੇ ਤ੍ਰਿਣਮੂਲ ਸਰਕਾਰ ’ਤੇ ਸੂਬੇ ਦੇ ਲੋਕਾਂ ਨੂੰ ਹਿਜਰਤ ਲਈ ਮਜਬੂਰ ਕਰਨ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਬੰਗਾਲ ’ਚ ਵਸਾਉਣ ’ਚ ਮਦਦ ਕਰਨ ਦਾ ਦੋਸ਼ ਲਾਇਆ। ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ’ਚ ਇਕ ਖਾਸ ਥਾਂ ਰੱਖਦਾ ਹੈ ਅਤੇ ਕਿਹਾ ਕਿ ਬੰਗਾਲ ’ਚ ਵਿਕਾਸ ਦੀ ਰਫ਼ਤਾਰ ਮੱਠੀ ਪੈ ਗਈ ਹੈ।
ਤ੍ਰਿਣਮੂਲ ਸਰਕਾਰ ਨੇ ਸੂਬੇ ਦੀ ਆਬਾਦੀ ਨੂੰ ਹੀ ਬਦਲ ਦਿੱਤਾ
ਤ੍ਰਿਣਮੂਲ ਸਰਕਾਰ ਨੇ ਸੂਬੇ ਦੀ ਪਛਾਣ ਅਤੇ ਆਬਾਦੀ ਨੂੰ ਹੀ ਬਦਲ ਦਿੱਤਾ ਹੈ। ਨਬੀਨ ਨੇ ਦੋਸ਼ ਲਾਇਆ, ‘‘ਪਹਿਲਾਂ ਕਾਂਗਰਸ, ਫਿਰ ਖੱਬੇਪੱਖੀ ਅਤੇ ਹੁਣ ਤ੍ਰਿਣਮੂਲ। ਜਿਹੜਾ ਸੂਬਾ ਕਦੇ ਉਦਯੋਗਾਂ ਤੋਂ ਲੈ ਕੇ ਸਭਿਆਚਾਰ ਤੱਕ, ਹਰ ਖੇਤਰ ’ਚ ਦੇਸ਼ ਦੀ ਅਗਵਾਈ ਕਰਦਾ ਸੀ, ਉਹ ਹੁਣ ਹਨੇਰੇ ’ਚ ਹੈ।’’ ਨਿਤਿਨ ਨਬੀਨ ਨੇ ਕਿਹਾ ਕਿ ਟੀ. ਐੱਮ. ਸੀ. ’ਚ ‘ਟੀ’ ਦਾ ਅਰਥ ਹੈ ਤੋਲਾਬਾਜ਼ੀ ਅਤੇ ਤੁਸ਼ਟੀਕਰਨ, ‘ਐੱਮ’ ਦਾ ਅਰਥ ਹੈ ਮਾਫੀਆ ਰਾਜ ਤੇ ਔਰਤਾਂ ’ਤੇ ਅੱਤਿਆਚਾਰ, ਅਤੇ ‘ਸੀ’ ਦਾ ਅਰਥ ਹੈ ਭ੍ਰਿਸ਼ਟਾਚਾਰ ਅਤੇ ਕੱਟ ਮਨੀ। ਨਿਤਿਨ ਨਬੀਨ ਨੇ ਕਿਹਾ ਕਿ ਤ੍ਰਿਣਮੂਲ ਸਰਕਾਰ ਅਰਾਜਕਤਾ ਦਾ ਪ੍ਰਤੀਕ ਬਣ ਗਈ ਹੈ। ਬੰਗਾਲ ’ਚ ਟੀ. ਐੱਮ. ਸੀ. ਦੇ ਸ਼ਾਸਨ ’ਚ ਸਿਰਫ ‘ਜੰਗਲਰਾਜ’ ਨਹੀਂ ਸਗੋਂ ‘ਮਹਾ-ਜੰਗਲਰਾਜ’ ਹੈ।
