ਭਰੋਸੇਯੋਗਤਾ ਦਾ ਸੰਕਟ ਮੀਡੀਆ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਹੈ : ਨਿਤਿਨ ਗਡਕਰੀ
Sunday, Sep 06, 2026 - 11:33 AM (IST)
ਨਾਗਪੁਰ (ਏਜੰਸੀ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕਤੰਤਰ ਦੀ ਪ੍ਰਗਤੀ ਲਈ ਸੁਤੰਤਰ ਨਿਆਂਪਾਲਿਕਾ ਅਤੇ ਮੀਡੀਆ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਅਦਾਰਿਆਂ ’ਚ ਭਰੋਸੇਯੋਗਤਾ ਦਾ ਸੰਕਟ ਹੈ ਪਰ ਮੀਡੀਆ ਖੇਤਰ ’ਚ ਇਹ ਸਮੱਸਿਆ ਸਭ ਤੋਂ ਗੰਭੀਰ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਨਾਗਪੁਰ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ.) ਦੇ ‘ਮੀਡੀਆ ਕਾਨਕਲੇਵ 2026’ ’ਚ ‘ਮੀਡੀਆ, ਲੀਡਰਸ਼ਿਪ ਅਤੇ ਨਵੀਂ ਵਿਸ਼ਵ ਵਿਵਸਥਾ’ ਵਿਸ਼ੇ ’ਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ।
ਪ੍ਰੋਗਰਾਮ ’ਚ ਪ੍ਰੈੱਸ ਟਰੱਸਟ ਆਫ਼ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਧਾਨ ਸੰਪਾਦਕ ਵਿਜੇ ਜੋਸ਼ੀ ਸਮੇਤ ਮੀਡੀਆ ਜਗਤ ਦੇ ਕਈ ਅਹਿਮ ਲੋਕ ਮੌਜੂਦ ਸਨ। ਉਨ੍ਹਾਂ ਨੇ ਲੋਕਤੰਤਰ ’ਚ ਗੁਣਵੱਤਾ ’ਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੰਵਿਧਾਨ ਨੇ ਲੋਕਤੰਤਰ ਦੇ ਚਾਰ ਥੰਮ੍ਹਾਂ-ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ-ਦੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਸਪੱਸ਼ਟ ਤੌਰ ’ਤੇ ਤੈਅ ਕੀਤਾ ਹੈ। ਲੋਕਤੰਤਰ ਦੀ ਪ੍ਰਗਤੀ ਅਤੇ ਵਿਕਾਸ ਲਈ ਸੁਤੰਤਰ, ਨਿਰਪੱਖ ਅਤੇ ਨਿਆਂਪੂਰਨ ਨਿਆਂਪਾਲਿਕਾ ਅਤੇ ਮੀਡੀਆ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਅਤੇ ਰਾਜਨੀਤਕ ਪਾਰਟੀਆਂ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹਨ।
ਸੀਨੀਅਰ ਨੇਤਾ ਨੇ ਕਿਹਾ ਕਿ ਮਤਭੇਦ ਜਾਂ ਵਿਚਾਰਕ ਮਤਭੇਦ ਹੋ ਸਕਦੇ ਹਨ, ਪਰ ਆਪਣੀ ਵਿਚਾਰਧਾਰਾ ਨੂੰ ਲੈ ਕੇ ਵਚਨਬੱਧਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਮਾਜਿਕ, ਆਰਥਿਕ ਅਤੇ ਵਿੱਦਿਅਕ ਮੁੱਦਿਆਂ ’ਚ ਲੋਕਾਂ ’ਚ ਜਾਗਰੂਕਤਾ ਵਧਾਉਣ ’ਤੇ ਵੀ ਜ਼ੋਰ ਦਿੱਤਾ। ਗਡਕਰੀ ਨੇ ਕਿਹਾ ਕਿ ਲੋਕਾਂ ’ਚ ਲੋਕਤੰਤਰ ਅਤੇ ਲੋਕਤੰਤਰੀ ਮੁੱਲਾਂ ਪ੍ਰਤੀ ਜਾਗਰੂਕਤਾ ਅਤੇ ਇਨ੍ਹਾਂ ਮੁੱਲਾਂ ਅਤੇ ਵਿਚਾਰਧਾਰਾ ਦੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ’ਚ ਸਾਰੇ ਖੇਤਰਾਂ ਲਈ ਭਰੋਸੇਯੋਗਤਾ, ਸਦਭਾਵਨਾ ਅਤੇ ਇਮਾਨਦਾਰੀ ਸਭ ਤੋਂ ਵੱਡੀ ਪੂੰਜੀ ਹਨ। ਗਡਕਰੀ ਨੇ ਕਿਹਾ ਕਿ ਸਾਰੇ ਖੇਤਰਾਂ ’ਚ ਭਰੋਸੇਯੋਗਤਾ ਘੱਟ ਹੋਈ ਹੈ ਪਰ ਮੀਡੀਆ ਦੀ ਭਰੋਸੇਯੋਗਤਾ ’ਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ। ਉਨ੍ਹਾਂ ਹਾਲਾਂਕਿ ਕਿਹਾ ਕਿ ਸਾਰੇ ਮੀਡੀਆ ਅਦਾਰਿਆਂ ਨੇ ਆਪਣੀ ਭਰੋਸੇਯੋਗਤਾ ਨਹੀਂ ਗੁਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
