ਨਿਤਿਨ ਨਬੀਨ ਦਾ ਕੰਮ, ਆਰ. ਐੱਸ. ਐੱਸ. ਨਾਲ ਰੋਜ਼ਾਨਾ ਤਾਲਮੇਲ

Wednesday, Jan 21, 2026 - 04:10 PM (IST)

ਨਿਤਿਨ ਨਬੀਨ ਦਾ ਕੰਮ, ਆਰ. ਐੱਸ. ਐੱਸ. ਨਾਲ ਰੋਜ਼ਾਨਾ ਤਾਲਮੇਲ

ਨਿਤਿਨ ਨਬੀਨ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦਾ ਅਹੁਦਾ ਅਜਿਹੇ ਸਮੇਂ ਸੰਭਾਲਿਆ ਹੈ ਜਦੋਂ ਪਾਰਟੀ ਕੇਂਦਰ ਦੀ ਸੱਤਾ ’ਚ ਹੋਣ ਦੇ ਬਾਵਜੂਦ ਔਖੀਆਂ ਸਿਆਸੀ ਤੇ ਸੰਗਠਨਾਤਮਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।

ਉਹ 45 ਸਾਲ ਦੀ ਉਮਰ ਦੇ ਨੌਜਵਾਨ ਹਨ । ਇਸ ਉਮਰ ਦਾ ਇਕ ਫਾਇਦਾ ਮੰਨਿਆ ਜਾ ਰਿਹਾ ਹੈ ਪਰ ਇਸ ਨਾਲ ਫੈਸਲਾਕੁੰਨ ਲੀਡਰਸ਼ਿਪ ਦੀਆਂ ਉਮੀਦਾਂ ਵੀ ਵਧਣਗੀਆਂ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਭਾਜਪਾ ਦੀ ਵਿਚਾਰਧਾਰਕ ਰੀੜ੍ਹ ਦੀ ਹੱਡੀ ਬਣਿਆ ਹੋਇਆ ਹੈ। ਤਾਲਮੇਲ ਦੀ ਕੋਈ ਵੀ ਘਾਟ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਕਮਜ਼ੋਰ ਕਰ ਸਕਦੀ ਹੈ।

ਨਿਤਿਨ ਨਬੀਨ ਨੂੰ ਵਿਚਾਰਧਾਰਕ ਵਚਨਬੱਧਤਾ ਤੇ ਚੋਣ ਵਿਹਾਰਕ ਵਿਚਾਰਾਂ ਦਰਮਿਆਨ ਸੰਤੁਲਨ ਬਣਾਈ ਰੱਖਣਾ ਹੋਵੇਗਾ। ਉਨ੍ਹਾਂ ਦਾ ਸਭ ਤੋਂ ਅਹਿਮ ਕੰਮ ਆਰ. ਐੱਸ. ਐੱਸ. ਨਾਲ ਮਜ਼ਬੂਤ ​​ਤਾਲਮੇਲ ਬਣਾਈ ਰੱਖਣਾ ਹੈ। ਦੋਵਾਂ ਵਿਚਾਲੇ ਕੋਈ ਵੀ ਟਕਰਾਅ ਜ਼ਮੀਨੀ ਏਕਤਾ ਨੂੰ ਕਮਜ਼ੋਰ ਕਰ ਸਕਦਾ ਹੈ।

ਬਿਨਾਂ ਸ਼ੱਕ ਉਨ੍ਹਾਂ ਦੀ ਪਹਿਲੀ ਤੇ ਸਭ ਤੋਂ ਸਿੱਧੀ ਪ੍ਰੀਖਿਆ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਆਸਾਮ ਅਤੇ ਪੁੱਡੂਚੇਰੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਅਸਲ ਪ੍ਰੀਖਿਆ ਪੱਛਮੀ ਬੰਗਾਲ ’ਚ ਹੋਵੇਗੀ, ਜਿੱਥੇ ਬਿਹਾਰੀ ਵੋਟਰਾਂ ਦੀ ਵੱਡੀ ਗਿਣਤੀ ਹੈ।

ਉਹ ਬਿਹਾਰ ਤੋਂ ਹਨ ਤੇ ਇਥੇ ਉਨ੍ਹਾਂ ਦੀ ਚੜ੍ਹਤ ਹੈ। ਮਮਤਾ ਦਾ ਮਜ਼ਬੂਤ ​​ਪ੍ਰਭਾਵ ਇਕ ਵੱਡੀ ਚੁਣੌਤੀ ਹੈ। ਮਾੜੇ ਨਤੀਜੇ ਨਬੀਨ ਦੀ ਲੀਡਰਸ਼ਿਪ ਬਾਰੇ ਸਵਾਲ ਖੜ੍ਹੇ ਕਰ ਸਕਦੇ ਹਨ। ਪਾਰਟੀ ਅੰਦਰ ਉਨ੍ਹਾਂ ਨੂੰ ਇਕ ਨਾਜ਼ੁਕ ਪੀੜ੍ਹੀ ਸੰਤੁਲਨ ਬਣਾਉਣਾ ਪਵੇਗਾ। ਭਾਵੇਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਦਬਾਅ ਹੈ ਪਰ ਭਾਜਪਾ ਅਜੇ ਵੀ ਤਜਰਬੇਕਾਰ ਆਗੂਆਂ ’ਤੇ ਬਹੁਤ ਨਿਰਭਰ ਕਰਦੀ ਹੈ। ਕਿਸੇ ਵੀ ਗਰੁੱਪ ਨੂੰ ਪਾਸੇ ਕਰਨ ਨਾਲ ਸੰਗਠਨਾਤਮਕ ਵਿਵਾਦ ਪੈਦਾ ਹੋਣ ਦਾ ਖ਼ਤਰਾ ਹੈ।

ਦੱਖਣੀ ਭਾਰਤ ਭਾਜਪਾ ਦਾ ਸਭ ਤੋਂ ਕਮਜ਼ੋਰ ਬਿੰਦੂ ਬਣਿਆ ਹੋਇਆ ਹੈ। ਡੂੰਘੀ ਖੇਤਰੀ ਪਛਾਣ, ਤਾਮਿਲਨਾਡੂ ’ਚ ਦ੍ਰਾਵਿੜ ਸਿਆਸਤ ਤੇ ਕੇਰਲ ’ਚ ਖੱਬੇਪੱਖੀ-ਕਾਂਗਰਸ ਦਾ ਦਬਦਬਾ ਇਕ ਤੇਜ਼ ਚੋਣ ਹੱਲ ਦੀ ਬਜਾਏ ਲੰਬੇ ਸਮੇਂ ਦੇ ਸੰਗਠਨਾਤਮਕ ਨਿਵੇਸ਼ ਦੀ ਲੋੜ ’ਤੇ ਜ਼ੋਰ ਦਿੰਦਾ ਹੈ।

ਰਾਜਗ ਸਹਿਯੋਗੀਆਂ ਦਾ ਪ੍ਰਬੰਧਨ ਕਰਨਾ ਇਕ ਹੋਰ ਚੁਣੌਤੀ ਹੈ। ਗੱਠਜੋੜ ਦੀ ਸਿਆਸਤ ਲਈ ਹੋਂਸਲੇ ਤੇ ਤਾਲਮੇਲ ਦੀ ਲੋੜ ਹੁੰਦੀ ਹੈ, ਖਾਸ ਕਰ ਕੇ ਉਦੋਂ ਜਦੋਂ ਸੀਟਾਂ ਦੀ ਵੰਡ ਤੇ ਖੇਤਰੀ ਇੱਛਾਵਾਂ ਦੀ ਗੱਲ ਆਉਂਦੀ ਹੈ। ਨਾਲ ਹੀ ਇਹ ਆਰਥਿਕ ਤੰਗੀ, ਮਹਿੰਗਾਈ ਤੇ ਬੇਰੁਜ਼ਗਾਰੀ ਵਰਗੇ ਮਾਮਲਿਆਂ ਨੂੰ ਗੁੰਝਲਦਾਰ ਬਣਾਉਂਦੀ ਹੈ ਕਿਉਂਕਿ ਸਰਕਾਰੀ ਨੀਤੀਆਂ ਪ੍ਰਤੀ ਜਨਤਕ ਅਸੰਤੁਸ਼ਟੀ ਪਾਰਟੀ ਨੂੰ ਲਾਜ਼ਮੀ ਤੌਰ ’ਤੇ ਪ੍ਰਭਾਵਤ ਕਰਦੀ ਹੈ।


author

Harpreet SIngh

Content Editor

Related News