ਨਿਸ਼ੀਥ ਪ੍ਰਮਾਣਿਕ ਬੰਗਾਲ ’ਚ BJP ਲਈ ਜ਼ਮੀਨ ਤਿਆਰ ਕਰਨ ਵਾਲੇ ਮੋਦੀ ਕੈਬਨਿਟ ਦੇ ਸਭ ਤੋਂ ‘ਯੁਵਾ ਮੰਤਰੀ’
Sunday, Jul 11, 2021 - 06:04 PM (IST)
ਨਵੀਂ ਦਿੱਲੀ/ਕੋਲਕਾਤਾ— ਮੋਦੀ ਕੈਬਨਿਟ ’ਚ ਵਿਸਥਾਰ ਦੀਆਂ ਖ਼ਬਰਾਂ ਦਰਮਿਆਨ ਮੰਤਰੀਆਂ ਦੀ ਜਾਣ-ਪਛਾਣ ਲਿਖਣ-ਛਾਪਣ ਦੀ ਪਰੰਪਰਾ ਰਹੀ ਹੈ। ਇਨ੍ਹਾਂ ਵਿਚ ਅਕਸਰ ਉਨ੍ਹਾਂ ਦੇ ਲੰਬੇ ਸਿਆਸੀ ਜੀਵਨ ਬਾਰੇ ਗੱਲ ਕੀਤੀ ਜਾਂਦੀ ਹੈ। ਬੀਤੀ 7 ਜੁਲਾਈ ਨੂੰ ਕੇਂਦਰੀ ਕੈਬਨਿਟ ਵਿਚ ਰਾਜ ਮੰਤਰੀ ਨਿਯੁਕਤ ਕੀਤੇ ਗਏ ਨਿਸ਼ੀਥ ਪ੍ਰਮਾਣਿਕ ਦੀ ਜਾਣ-ਪਛਾਣ ਥੋੜ੍ਹੀ ਹਟ ਕੇ ਹੈ। ਉਹ ਸਿਰਫ 35 ਸਾਲ ਦੇ ਹਨ ਅਤੇ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ। ਉਨ੍ਹਾਂ ਦਾ ਸਿਆਸੀ ਤਜਰਬਾ ਦਿੱਗਜ਼ ਆਖੇ ਜਾਣ ਵਾਲੇ ਆਗੂਆਂ ਦੇ ਮੁਕਾਬਲੇ ਕਾਫੀ ਘੱਟ ਹੈ। 4 ਸਾਲ ਪਹਿਲਾਂ ਤੱਕ ਨਿਸ਼ੀਥ ਦੀ ਸਿਆਸੀ ਜਾਣ-ਪਛਾਣ ਕੁਝ ਵੱਖਰੀ ਸੀ। ਉਨ੍ਹਾਂ ਨੂੰ ਪੱਛਮੀ ਬੰਗਾਲ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਯੁਵਾ ਆਗੂ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਨਿਸ਼ੀਥ ਨੇ ਇਸੇ ਪਾਰਟੀ ਤੋਂ ਆਪਣਾ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ : PM ਮੋਦੀ ਕੈਬਨਿਟ ’ਚ ਬੀਬੀਆਂ ਦਾ ਵਧਿਆ ‘ਕੱਦ’, ਇਨ੍ਹਾਂ 7 ਚਿਹਰਿਆਂ 'ਤੇ ਵੱਡੀ ਜ਼ਿੰਮੇਵਾਰੀ
2019 ’ਚ ਫੜਿਆ ਭਾਜਪਾ ਦਾ ਪੱਲਾ—
ਹਾਲਾਂਕਿ ਸਾਲ 2018 ਦੀਆਂ ਪੰਚਾਇਤ ਚੋੋਣਾਂ ਵਿਚ ਜਦੋਂ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਖ਼ਿਲਾਫ਼ ਤਕਰੀਬਨ 300 ਉਮੀਦਵਾਰ ਖੜ੍ਹੇ ਕੀਤੇ ਤਾਂ ਉਨ੍ਹਾਂ ਦੇ ਪਾਰਟੀ ਤੋਂ ਵੱਖ ਹੋਣ ਦੇ ਸੰਕੇਤ ਮਿਲਣ ਲੱਗੇ ਸਨ। ਸਾਲ 2019 ਵਿਚ ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਦੀ ਮੌਜੂਦਗੀ ਵਿਚ ਇਹ ਕਹਿੰਦੇ ਹੋਏ ਭਾਜਪਾ ਦਾ ਭਗਵਾ ਤਿਲਕ ਲਾਇਆ ਕਿ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਦੇਸ਼ ਨੂੰ ਬਚਾਅ ਸਕਦੇ ਹਨ। ਉਨ੍ਹਾਂ ਨੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਵੀ ਲਾਇਆ।
ਇਹ ਵੀ ਪੜ੍ਹੋ : ਮੋਦੀ ਕੈਬਨਿਟ ਵਿਸਥਾਰ ਦੇ ਤਿੰਨ ਨਿਸ਼ਾਨੇ: ਸੂਬਿਆਂ ਦੀਆਂ ਚੋਣਾਂ ਸਮੇਤ ਇਨ੍ਹਾਂ ਮਸਲਿਆਂ 'ਤੇ ਰਹੇਗਾ ਫੋਕਸ
ਭਾਜਪਾ ਨੇ ਨਿਸ਼ੀਥ ’ਤੇ ਖੇਡਿਆ ਪਹਿਲਾ ਦਾਅ—
ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਕ ਮਜ਼ਬੂਤ ਸਥਾਨਕ ਚਿਹਰੇ ਦਾ ਭਾਜਪਾ ’ਚ ਸ਼ਾਮਲ ਹੋਣਾ ਪਾਰਟੀ ਲਈ ਇਕ ਵੱਡੀ ਜਿੱਤ ਸੀ। ਪਾਰਟੀ ਨੇ ਉਸੇ ਸਾਲ ਹੋਈਆਂ ਲੋਕ ਸਭਾ ਚੋਣਾਂ ’ਚ ਕੂਚਬਿਾਹਰ ਤੋਂ ਨਿਸ਼ੀਥ ’ਤੇ ਪਹਿਲਾ ਦਾਅ ਖੇਡਿਆ ਅਤੇ ਨਿਸ਼ੀਥ ਨੇ ਉਹ ਸੀਟ ਭਾਜਪਾ ਦੀ ਝੋਲੀ ਪਾਈ। ਇਸ ਸੀਟ ਨੂੰ ਲੰਬੇ ਸਮੇਂ ਤੱਕ ਫਾਰਵਰਡ ਬਲਾਕ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਸੀ। ਸਾਲ 2014 ਵਿਚ ਇਸ ’ਤੇ ਤ੍ਰਿਣਮੂਲ ਕਾਂਗਰਸ ਦਾ ਕਬਜ਼ਾ ਹੋਇਆ ਅਤੇ ਸਾਲ 2016 ਦੀਆਂ ਜ਼ਿਮਨੀ ਚੋਣਾਂ ਵਿਚ ਵੀ ਇਹ ਸੀਟ ਪਾਰਟੀ ਨੇ ਬਰਕਰਾਰ ਰੱਖੀ ਪਰ 3 ਸਾਲ ਦੇ ਅੰਦਰ ਨਿਸ਼ੀਥ ਨੇ ਖੇਤਰ ਦੇ ਵੋਟਰਾਂ ਦਾ ਮਨ ਬਦਲ ਦਿੱਤਾ ਅਤੇ ਇੱਥੋਂ ਆਪਣੇ ਲਈ ਲੋਕ ਸਭਾ ਦਾ ਰਾਹ ਚੁਣਿਆ। ਪਾਰਟੀ ਨੇ ਨਿਸ਼ੀਥ ’ਤੇ ਦੂਜਾ ਦਾਅ ਇਸੇ ਸਾਲ ਹੋਈਆਂ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਲਾਇਆ, ਜਦੋਂ ਉਨ੍ਹਾਂ ਨੇ ਸੰਸਦ ਮੈਂਬਰ ਹੁੰਦੇ ਹੋਏ ਦਿਨਹਾਟਾ ਵਿਧਾਨ ਸਭਾ ਖੇਤਰ ਤੋਂ ਮੈਦਾਨ ’ਚ ਉਤਾਰਿਆ ਗਿਆ। ਉਨ੍ਹਾਂ ਨੇ ਇਹ ਸੀਟ ਵੀ ਪਾਰਟੀ ਦੇ ਖਾਤੇ ਵਿਚ ਲਿਖ ਦਿੱਤੀ। ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਉੱਤਰੀ ਬੰਗਾਲ ’ਚ ਪਾਰਟੀ ਦੀਆਂ ਜੜ੍ਹਾਂ ਜਮਾਉਣ ’ਚ ਨਿਸ਼ੀਥ ਦਾ ਮੁੱਖ ਯੋਗਦਾਨ ਰਿਹਾ।
ਇਹ ਵੀ ਪੜ੍ਹੋ : ਮੋਦੀ ਕੈਬਨਿਟ ਦਾ ਵਿਸਥਾਰ: ਪੀ. ਐੱਮ. ਦੀ ਮੌਜੂਦਗੀ ’ਚ 43 ਆਗੂਆਂ ਨੇ ਚੁੱਕੀ ਸਹੁੰ
ਨਿਸ਼ੀਥ ਨੂੰ ਇੰਝ ਮਿਲੀ ਕੈਬਨਿਟ ’ਚ ਥਾਂ—
ਨਿਸ਼ੀਥ ਰਾਜਵੰਸ਼ੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਨਿਸ਼ੀਥ ’ਤੇ ਲਾਏ ਗਏ ਦੋਵੇਂ ਦਾਅ ਜਿੱਤਣ ਮਗਰੋਂ ਭਾਜਪਾ ਨੂੰ ਉਨ੍ਹਾਂ ਦੇ ਮਜ਼ਬੂਤ ਸਿਆਸੀ ਭਵਿੱਖ ’ਤੇ ਕੋਈ ਸ਼ੱਕ ਨਹੀਂ ਰਿਹਾ ਅਤੇ ਉਨ੍ਹਾਂ ਨੂੰ ਕੇਂਦਰੀ ਕੈਬਨਿਟ ਵਿਚ ਥਾਂ ਦੇ ਕੇ ਪਾਰਟੀ ਨੇ ਉਨ੍ਹਾਂ ਦੀ 3 ਸਾਲ ਦੀ ਮਿਹਨਤ ਦਾ ਭੁਗਤਾਨ ਕੀਤਾ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਮੁੱਦੇ ਨੂੰ UN ’ਚ ਲੈ ਕੇ ਜਾਣਗੇ ਕਿਸਾਨ? ਰਾਕੇਸ਼ ਟਿਕੈਤ ਨੇ ਦਿੱਤਾ ਸਪੱਸ਼ਟੀਕਰਨ
ਨਿਸ਼ੀਥ ਦਾ ਪਰਿਵਾਰਕ ਜੀਵਨ—
ਪਰਿਵਾਰਕ ਜੀਵਨ ਦੀ ਗੱਲ ਕਰੀਏ ਤਾਂ ਨਿਸ਼ੀਥ ਪ੍ਰਮਾਣਿਕ ਦਾ ਜਨਮ 17 ਜਨਵਰੀ 1986 ਨੂੰ ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ ਦੇ ਦਿਨਹਾਟਾ ’ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਬਿਧੂ ਭੂਸ਼ਣ ਪ੍ਰਮਾਣਿਕ ਅਤੇ ਮਾਂ ਦਾ ਨਾਂ ਛੰਦਾ ਪ੍ਰਮਾਣਿਕ ਹੈ। ਉਨ੍ਹਾਂ ਨੇ ਬਾਲਾਕੁਰਾ ਜੂਨੀਅਰ ਬੇਸਿਕ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਕੁਝ ਸਾਲ ਇਕ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਵੀ ਕੀਤਾ। ਉਨ੍ਹਾਂ ਦੀ ਪਤਨੀ ਦਾ ਨਾਂ ਪਿ੍ਰਅੰਕਾ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ।