ਜਹਾਜ਼ ਹਾਦਸੇ ''ਚ ਸ਼ਹੀਦ ਹੋਏ ਪਾਇਲਟ ਦੇ ਘਰ ਪੁੱਜੀ ਰੱਖਿਆ ਮੰਤਰੀ ਸੀਤਾਰਮਨ
Tuesday, Feb 05, 2019 - 05:29 PM (IST)

ਦੇਹਰਾਦੂਨ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਬੈਂਗਲੁਰੂ 'ਚ ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਸਕਵਾਰਡਨ ਲੀਡਰ ਸਿਧਾਰਥ ਨੇਗੀ ਦੇ ਪਰਿਵਾਰ ਨੂੰ ਮਿਲਣ ਪੁੱਜੀ। ਇਸ ਦੌਰਾਨ ਰੱਖਿਆ ਮੰਤਰੀ ਨਾਲ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਮੌਜੂਦ ਰਹੇ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਇੱਥੇ ਕਰੀਬ ਇਕ ਘੰਟੇ ਰਹੀ। ਜਿਸ ਤੋਂ ਬਾਅਦ ਉਹ ਵਿਸ਼ੇਸ਼ ਚਾਪਰ ਰਾਹੀਂ ਵਾਪਸ ਗਈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਰੱਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਸ਼ਹੀਦ ਦੇ ਪੰਡਤ ਵਾੜੀ ਸਥਿਤ ਘਰ ਜਾ ਕੇ ਉਨ੍ਹਾਂ ਦੀ ਫੋਟੋ 'ਤੇ ਮਾਲਾ ਚੜ੍ਹਾਈ।ਮੁੱਖ ਮੰਤਰੀ ਅਤੇ ਰੱਖਿਆ ਮੰਤਰੀ ਨੇ ਕਾਮਨਾ ਕੀਤੀ ਕਿ ਭਗਵਾਨ ਦੁੱਖ ਦੀ ਇਸ ਘੜੀ 'ਚ ਉਨ੍ਹਾਂ ਦੇ ਪਰਿਵਾਰ ਨੂੰ ਸ਼ਕਤੀ ਪ੍ਰਦਾਨ ਕਰੇ। ਉਨ੍ਹਾਂ ਨੇ ਮਰਹੂਮ ਦੀ ਆਤਮਾ ਦੀ ਸ਼ਾਂਤੀ ਲਈ ਈਸ਼ਵਰ ਤੋਂ ਪ੍ਰਾਰਥਨਾ ਕੀਤੀ ਅਤੇ ਪੀੜਤ ਪਰਿਵਾਰ ਨੂੰ ਹਮਦਰਦੀ ਦਿੱਤੀ। ਜ਼ਿਕਰਯੋਗ ਹੈ ਕਿ ਬੈਂਗਲੁਰੂ ਸਥਿਤ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਹਵਾਈ ਅੱਡੇ 'ਤੇ ਭਾਰਤੀ ਹਵਾਈ ਫੌਜ ਦਾ ਮਿਰਾਜ 2000 ਟਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਿਸ 'ਚ 2 ਪਾਇਲਟ ਸ਼ਹੀਦ ਹੋ ਗਏ ਸਨ। ਇਨ੍ਹਾਂ 'ਚੋਂ ਇਕ ਪਾਇਲਟ ਸਿਧਾਰਥ ਨੇਗੀ ਦੇਹਰਾਦੂਨ ਦੇ ਵਸੰਤ ਵਿਹਾਰ ਦਾ ਰਹਿਣ ਵਾਲਾ ਸੀ। ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਉਤਰਾਖੰਡ ਦੇ ਨੌਜਵਾਨ ਸਕਵਾਰਡਨ ਲੀਡਰ ਸਿਧਾਰਥ ਨੇਗੀ ਦੀਆਂ ਅਸਥੀਆਂ ਸੋਮਵਾਰ ਦੇਰ ਸ਼ਾਮ ਕਨਖਲ ਸਥਿਤ ਸਤੀ ਘਾਟ 'ਤੇ ਗੰਗਾ 'ਚ ਪ੍ਰਵਾਹੀਆਂ ਗਈਆਂ।