ਨਿਰਭਯਾ ਕੇਸ : ਹਾਈ ਕੋਰਟ ਨੇ ਦੋਸ਼ੀ ਮੁਕੇਸ਼ ਦੀ ਡੈੱਥ ਵਾਰੰਟ ''ਤੇ ਰੋਕ ਵਾਲੀ ਪਟੀਸ਼ਨ ਕੀਤੀ ਖਾਰਜ

1/15/2020 4:20:35 PM

ਨਵੀਂ ਦਿੱਲੀ— ਨਿਰਭਯਾ ਰੇਪ ਕੇਸ 'ਚ ਸਜ਼ਾ ਦਾ ਐਲਾਨ ਹੋ ਚੁਕਿਆ ਹੈ ਪਰ ਦੋਸ਼ੀਆਂ ਵਲੋਂ ਲਗਾਤਾਰ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਹਨ। ਬੁੱਧਵਾਰ ਨੂੰ ਦਿੱਲੀ ਹਾਈ ਕੋਰਟ 'ਚ ਦੋਸ਼ੀ ਮੁਕੇਸ਼ ਕੁਮਾਰ ਦੀ ਅਰਜ਼ੀ 'ਤੇ ਸੁਣਵਾਈ ਹੋਈ। ਦਿੱਲੀ ਹਾਈ ਕੋਰਟ ਨੇ ਮੁਕੇਸ਼ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਦੌਰਾਨ ਕੋਰਟ ਨੇ ਮੁਕੇਸ਼ ਦੇ ਵਕੀਲ ਨੂੰ ਪਟਿਆਲਾ ਹਾਊਸ ਕੋਰਟ ਜਾਣ ਲਈ ਕਿਹਾ ਹੈ। ਯਾਨੀ ਹਾਈ ਕੋਰਟ 'ਚ ਮੁਕੇਸ਼ ਦੀ ਪਟੀਸ਼ਨ 'ਤੇ ਸੁਣਵਾਈ ਨਹੀਂ ਹੋਵੇਗੀ।
 

ਡੈੱਥ ਵਾਰੰਟ 'ਤੇ ਰੋਕ ਲਈ ਦਾਇਰ ਕੀਤੀ ਸੀ ਅਰਜ਼ੀ
ਇਸ ਪਟੀਸ਼ਨ 'ਚ ਮੁਕੇਸ਼ ਵਲੋਂ ਟ੍ਰਾਇਲ ਕੋਰਟ ਵਲੋਂ ਜਾਰੀ ਡੈੱਥ ਵਾਰੰਟ 'ਤੇ ਰੋਕ ਲਗਾਉਣ ਅਪੀਲ ਕੀਤੀ ਗਈ ਸੀ। ਬੁੱਧਵਾਰ ਨੂੰ ਸੁਣਵਾਈ ਦੌਰਾਨ ਵਕੀਲ ਵਲੋਂ ਕਿਹਾ ਗਿਆ ਕਿ 7 ਜਨਵਰੀ ਨੂੰ ਹੁਣ ਟ੍ਰਾਇਲ ਕੋਰਟ ਨੇ ਫਾਂਸੀ ਦਾ ਆਦੇਸ਼ ਜਾਰੀ ਕੀਤਾ ਤਾਂ ਉਨ੍ਹਾਂ ਨੂੰ ਕਿਊਰੇਟਿਵ ਪਟੀਸ਼ਨ ਬਾਰੇ ਜਾਣਕਾਰੀ ਨਹੀਂ ਸੀ, ਇਸੇ ਕਾਰਨ ਹੁਣ ਹਾਲਾਤ ਪੂਰੀ ਤਰ੍ਹਾਂ ਨਾਲ ਬਦਲ ਚੁਕੇ ਹਨ। ਇਸ 'ਤੇ ਹਾਈ ਕੋਰਟ ਨੇ ਵਕੀਲ ਨੂੰ ਕਿਹਾ ਕਿ ਜੇਕਰ ਇਹ ਮਾਮਲਾ ਹੈ ਤਾਂ ਤੁਹਾਨੂੰ ਹਾਈ ਕੋਰਟ 'ਚ ਪਟੀਸ਼ਨ ਨਹੀਂ ਪਾਉਣੀ ਚਾਹੀਦੀ ਸਗੋਂ ਟ੍ਰਾਇਲ ਕੋਰਟ ਕੋਲ ਹੀ ਜਾਣਾ ਚਾਹੀਦਾ। ਟ੍ਰਾਇਲ ਕੋਰਟ ਤੋਂ ਬਾਅਦ ਤੁਸੀਂ ਇੱਥੇ ਨਹੀਂ ਸਿੱਧੇ ਸੁਪਰੀਮ ਕੋਰਟ ਹੀ ਜਾਓ।
 

7 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਡੈੱਥ ਵਾਰੰਟ
ਦੱਸਣਯੋਗ ਹੈ ਕਿ ਦਿੱਲੀ ਦੀ ਇਕ ਟ੍ਰਾਇਲ ਕੋਰਟ ਨੇ 7 ਜਨਵਰੀ ਨੂੰ ਨਿਰਭਯਾ ਦੇ ਚਾਰੇ ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ ਕੀਤਾ ਸੀ। ਇਸੇ ਵਾਰੰਟ ਵਿਰੁੱਧ ਦੋਸ਼ੀ ਮੁਕੇਸ਼ ਦੇ ਵਕੀਲਾਂ ਵਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਉਸ ਨੂੰ ਟਾਲਣ ਦੀ ਗੱਲ ਕਹੀ ਗਈ ਸੀ। ਟ੍ਰਾਇਲ ਕੋਰਟ ਨੇ ਜਦੋਂ ਡੈੱਥ ਵਾਰੰਟ ਨੂੰ ਜਾਰੀ ਕੀਤਾ ਸੀ, ਉਦੋਂ ਦੋਸ਼ੀ ਮੁਕੇਸ਼ ਵਲੋਂ ਕੋਈ ਦਯਾ ਪਟੀਸ਼ਨ ਜਾਂ ਕਿਊਰੇਟਿਵ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਸੀ। ਮੁਕੇਸ਼ ਦੇ ਵਕੀਲ ਵਲੋਂ ਹਾਈ ਕੋਰਟ 'ਚ ਤਰਕ ਦਿੱਤਾ ਗਿਆ ਕਿ ਉਹ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਚੈਲੇਂਜ ਨਹੀਂ ਕਰ ਰਹੇ ਹਨ ਸਗੋਂ ਇਹ ਤਰਕ ਦੇ ਰਹੇ ਹਨ ਕਿ ਇਹ ਫੈਸਲਾ ਹਾਲੇ ਲਾਗੂ ਨਹੀਂ ਹੋ ਸਕਦਾ, ਕਿਉਂਕਿ ਹੁਣ ਹਾਲਾਤ ਬਦਲ ਚੁਕੇ ਹਨ।


DIsha

Edited By DIsha